ਹੁਸ਼ਿਆਰਪੁਰ, 16 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਤਪ ਅਸਥਾਨ ਡੇਰਾ ਸੰਤਗੜ੍ਹ ਹਰਖੋਵਾਲ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸੇ ਦੇ ਸਾਜਨਾ ਦਿਵਸ ਮੌਕੇ ਗੁਰਮਤਿ ਸਮਾਗਮ ਹਰਖੋਵਾਲ ਸੰਪਰਦਾਇ ਦੇ ਮੁਖੀ ਤੇ ਡੇਰਾ ਸੰਤਗੜ੍ਹ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਮਰਜੀਤ ਸਿੰਘ ਹਰਖੋਵਾਲ ਵਾਲਿਆਂ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਦੀਵਾਨ ਹਾਲ 'ਚ ਸੰਤਾਂ-ਮਹਾਂਪੁਰਸ਼ਾਂ, ਰਾਗੀ-ਢਾਡੀ ਜਥਿਆਂ, ਕਥਾਵਾਚਕ, ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ, ਕਥਾ-ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਪ੍ਰਬੰਧਕਾ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਹਿਯੋਗੀਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਤ ਅਮਰਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਵਿਸਾਖੀ ਦੇ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਦੁਨੀਆ ਦੇ ਇਤਿਹਾਸ 'ਚ ਨਵਾਂ ਪੰਨਾ ਲਿਖਿਆ ਸੀ | ਉਨਾਂ ਕਿਹਾ ਕਿ ਅੱਜ ਲੋੜ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਿੱਖੀ ਨਾਲ ਜੋੜਨ ਦੀ | ਇਸ ਮੌਕੇ ਬਾਬਾ ਪ੍ਰਗਟ ਸਿੰਘ, ਹਰਜਾਪ ਸਿੰਘ ਮੱਖਣ ਰਾਜਪੁਰ ਭਾਈਆਂ, ਜਸਵੀਰ ਸਿੰਘ ਸੰਘਾ, ਨੰਬਰਦਾਰ ਸੁਖਵਿੰਦਰ ਸਿੰਘ, ਜਸਪ੍ਰੀਤ ਸਿੰਘ ਸੰਘਾ, ਹਰਮੇਲ ਸਿੰਘ, ਭੁਪਿੰਦਰ ਸਿੰਘ, ਨਰਿੰਦਰ ਸਿੰਘ, ਸੁਖਦੇਵ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |