ਐਮਾ ਮਾਂਗਟ, 17 ਅਪ੍ਰੈਲ (ਗੁਰਾਇਆ)-ਸਿੱਖ ਸਦਭਾਵਨਾ ਦਲ ਦੇ ਪੰਜਾਬ ਪ੍ਰਧਾਨ ਭਾਈ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਵਿਸਾਖੀ ਦੇ ਇਤਿਹਾਸਿਕ ਦਿਹਾੜੇ ਮੌਕੇ ਪਾਸ ਕੀਤੇ ਬੇਅਬਦੀਆਂ ਬਾਰੇ ਸੋਧ ਬਿੱਲ ਨਾਲ ਪੰਜਾਬ ਅੰਦਰ ਹੁੰਦੀਆਂ ਬੇਅਬਦੀਆਂ ਨੂੰ ਨੱਥ ਪਾਈ ਜਾ ਸਕੇਗੀ | ਇਸ ਸਰਕਾਰ ਵਲੋਂ ਪਾਸ ਕੀਤਾ ਇਹ ਇਤਿਹਾਸਿਕ ਫੈਸਲਾ ਹੈ, ਜਿਸ ਲਈ ਸਿੱਖ ਸਦਭਾਵਨਾ ਦਲ ਦੇ ਕੌਮੀ ਪ੍ਰਧਾਨ ਭਾਈ ਬਲਦੇਵ ਸਿੰਘ ਵਡਾਲਾ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ, ਐਡਡਵੋਕੇਟ ਪਰਮਜੀਤ ਸਿੰਘ, ਜਗਜੀਤ ਸਿੰਘ ਖੋਸਾ ਅਤੇ ਗੁਰਮੀਤ ਸਿੰਘ ਵਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ | ਜਥੇਦਾਰ ਮੁਲਤਾਨੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਇਸ ਸੋਧ ਨੂੰ ਯਕੀਨੀ ਬਣਾਉਣ ਲਈ ਦਿਖਾਈ ਵਚਨਬੱਧਤਾ ਕਿਸੇ ਹੋਰ ਸਰਕਾਰ ਨੇ ਕਦੇ ਵੀ ਨਹੀਂ ਦਿਖਾਈ ਅਤੇ ਨਾ ਹੀ ਪਿਛਲੀਆਂ ਸਰਕਾਰਾਂ ਇਸ ਪ੍ਰਤੀ ਗੰਭੀਰ ਹੋਈਆਂ ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀਆਂ ਦੀਆਂ ਘਟਨਾਵਾਂ ਵਧੀਆਂ ਸਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬਿੱਲ ਪਾਸ ਕਰਨ ਲਈ ਖਾਲਸਾ ਸਾਜਨਾ ਦਿਵਸ ਵਰਗੇ ਇਤਿਹਾਸਿਕ ਦਿਹਾੜੇ ਦੀ ਚੋਣ ਕਰਨਾ ਸਲਾਹੁਣਯੋਗ ਕਦਮ ਹੈ | ਇਸ ਕਨੂੰਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਨੂੰ ਹੋਰ ਤਨਦੇਹੀ ਨਾਲ ਕੰਮ ਕਰਨਾ ਪਵੇਗਾ ਕਿਉਂਕਿ ਜਿਸ ਸ਼ਿੱਦਤ ਨਾਲ ਭਾਈ ਬਲਦੇਵ ਸਿੰਘ ਵਡਾਲਾ, ਸੰਤ ਸਮਾਜ ਅਤੇ ਕਿਸਾਨ ਆਗੂਆਂ ਸਮੇਤ ਸਿੱਖ ਸਦਭਾਵਨਾ ਦਲ ਦੀ ਸਮੁੱਚੀ ਟੀਮ ਨੇ ਲੜਾਈ ਲੜੀ ਹੈ, ਉਹ ਬਿਆਨ ਕਰਨੀ ਮੁਸ਼ਕਿਲ ਹੈ | ਜਥੇਦਾਰ ਮੁਲਤਾਨੀ ਨੇ ਸਮੁੱਚੀ ਸਿੱਖ ਕੌਮ ਨੂੰ ਇਸ ਦੀ ਵਧਾਈ ਦਿੱਤੀ ਅਤੇ ਅਗਾਹ ਕੀਤਾ ਕਿ ਬੇਅਬਦੀਆਂ ਦੀਆਂ ਘਟਨਾਵਾਂ ਰੋਕਣ ਲਈ ਸਥਾਨਿਕ ਪੱਧਰ 'ਤੇ ਵੀ ਉਪਰਾਲੇ ਕੀਤੇ ਜਾਣ |