ਹੁਸ਼ਿਆਰਪੁਰ, 17 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ 'ਚ ਪੈਰੋਲ ਖ਼ਤਮ ਹੋਣ ਤੋਂ ਬਾਅਦ ਵਾਪਸ ਪਰਤੇ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਦੀ ਪਹਿਚਾਣ ਅਮਨ ਲੋਈ ਵਜੋਂ ਹੋਈ ਹੈ | ਮਿ੍ਤਕ ਦੇ ਪਿਤਾ ਮਨਜੀਤ ਸਿੰਘ ਤੇ ਮਾਤਾ ਨੀਤਾ ਰਾਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨ 56 ਦਿਨਾਂ ਦੀ ਪੈਰੋਲ ਕੱਟਣ ਉਪਰੰਤ ਬੀਤੀ ਸ਼ਾਮ ਕਰੀਬ 6 ਵਜੇ ਜੇਲ੍ਹ ਵਾਪਸ ਗਿਆ ਸੀ ਅਤੇ ਉਹ ਬਿਲਕੁਲ ਤੰਦਰੁਸਤ ਸੀ | ਅੱਜ ਸਵੇਰੇ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਫ਼ੋਨ ਆਇਆ ਕਿ ਅਮਨ ਦੀ ਤਬੀਅਤ ਖ਼ਰਾਬ ਹੈ ਅਤੇ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖ਼ਲ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਸਿਵਲ ਹਸਪਤਾਲ ਪਹੁੰਚੇ ਤਾਂ ਅਮਨ ਲੋਈ ਦੀ ਮੌਤ ਹੋ ਚੁੱਕੀ ਸੀ | ਮਿ੍ਤਕ ਦੇ ਮਾਪਿਆਂ ਨੇ ਜੇਲ੍ਹ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਮੌਤ ਪਿੱਛੇ ਕੋਈ ਡੂੰਘੀ ਸਾਜ਼ਿਸ਼ ਜਾਂ ਲਾਪਰਵਾਹੀ ਹੋ ਸਕਦੀ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਜੋ ਸਚਾਈ ਸਾਹਮਣੇ ਆ ਸਕੇ | ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ |