ਨੰਗਲ ਬਿਹਾਲਾਂ, 17 ਅਪ੍ਰੈਲ (ਵਿਨੋਦ ਮਹਾਜਨ)-ਪੰਜਾਬ ਸਰਕਾਰ ਵਲੋਂ ਸੱਤਾ ਵਿਚ ਆਉਂਦੇ ਹੀ ਇਹ ਘੋਸ਼ਣਾ ਕੀਤੀ ਗਈ ਸੀ ਪਿੰਡਾਂ ਵਿਚ ਲਾਲ ਲਕੀਰ ਵਾਲੇ ਸਥਾਨਾਂ 'ਤੇ ਰਹਿੰਦੇ ਲੋਕ ਕੁੱਝ ਸਰਕਾਰੀ ਫ਼ੀਸ ਜਮਾਂ ਕਰਵਾ ਕੇ ਮਾਲਕੀ ਦੇ ਹੱਕ ਪ੍ਰਾਪਤ ਕਰ ਸਕਣਗੇ | ਹੁਣ ਰੈਵਿਨਿਉ ਵਿਭਾਗ ਵਲੋਂ ਪਿੰਡਾਂ ਵਿਚ ਲਾਲ ਲਕੀਰ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਉਸ ਦੇ ਨਕਸ਼ | ਜਾਰੀ ਕੀਤੇ ਜਾ ਰਹੇ ਹਨ, ਪਰ ਰੈਵਿਨੀਊ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਧੇ ਅਧੂਰੇ ਨਕਸ਼ੇ ਪਿੰਡਾਂ ਵਿਚ ਲਗਾਏ ਜਾ ਰਹੇ ਹਨ, ਜਿਸ ਕਾਰਨ ਲੋਕਾਂ ਵਿਚ ਭੰਬਲਭੂਸੇ ਪੈਦਾ ਹੋ ਗਿਆ ਹੈ | ਸਬ ਡਵੀਜ਼ਨ ਮੁਕੇਰੀਆਂ ਦੇ ਬਲਾਕ ਹਾਜੀਪੁਰ ਦੇ ਪਿੰਡਾਂ ਵਿਚ ਰੈਵਿਨੀਉ ਵਿਭਾਗ ਅਤੇ ਪਟਵਾਰੀਆਂ ਵਲੋਂ ਲਾਲ ਲਕੀਰ ਹੇਠ ਰਹਿ ਰਹੇ ਲੋਕਾਂ ਨੂੰ ਮਾਲਕ ਬਣਾਉਣ ਲਈ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਅੱਧੇ ਅਧੂਰੇ ਨਕਸ਼ੇ ਹੋਣ ਦੇ ਬਾਵਜੂਦ ਵੀ ਇਸ ਨੂੰ ਕਾਹਲੀ ਨਾਲ ਲਾਗੂ ਕੀਤਾ ਜਾ ਰਿਹਾ ਹੈ | ਇੱਥੋਂ ਤੱਕ ਪਿੰਡ ਦੇ ਮੋਹਤਬਾਰਾਂ ਤੇ ਸਰਪੰਚਾਂ ਨੂੰ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ | ਇਸ ਸਬੰਧੀ ਬਲਾਕ ਹਾਜੀਪੁਰ ਦੇ ਪਿੰਡ ਸਿੰਘੋਵਾਲ ਦੀ ਸਰਪੰਚ ਸੰਗੀਤਾ ਰਾਣੀ ਨੇ ਦੱਸਿਆ ਕਿ ਸਾਡੇ ਪਿੰਡ ਦੇ ਕਰੀਬ ਸੌ ਘਰ ਲਾਲ ਲਕੀਰ ਹੇਠ ਆਉਂਦੇ ਹਨ, ਪਰ ਰੈਵਿਨੀਊ ਵਿਭਾਗ ਵਲੋਂ ਜੋ ਲਿਸਟ ਅਤੇ ਨਕਸ਼ਾ ਪਿੰਡ ਵਿਚ ਲਗਾਇਆ ਗਿਆ ਹੈ, ਉਸ ਵਿਚ ਸਿਰਫ਼ ਡੇਢ ਦਰਜਨ ਦੇ ਕਰੀਬ ਹੀ ਘਰ ਦਿਖਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਸਕੀਮ ਦਾ ਲਾਭ ਲੈਣ ਲਈ ਲੋਕ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਸਨ, ਪਰ ਹੁਣ ਸਕੀਮ ਨਾਲ ਪਿਛਲੇ ਸੌ ਸਾਲਾਂ ਤੋਂ ਲਾਲ ਲਕੀਰ ਆਉਂਦੇ ਲੋਕਾਂ ਨੂੰ ਵੀ ਵਾਂਝੇ ਰੱਖਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਿਰਫ਼ ਸਾਡੇ ਪਿੰਡ ਦੀ ਹੀ ਨਹੀਂ ਸਗੋਂ ਹਲਕਾ ਮੁਕੇਰੀਆਂ ਦੇ ਜ਼ਿਆਦਾਤਰ ਪਿੰਡਾਂ ਵਿਚ ਪੇਸ਼ ਆ ਰਹੀ ਹੈ, ਪਰ ਇਸ ਸਮੱਸਿਆ ਦੇ ਹੱਲ ਲਈ ਨਾ ਤਾਂ ਪ੍ਰਸ਼ਾਸਨਿਕ ਅਧਿਕਾਰੀ ਤੇ ਨਾ ਹੀ ਸਬੰਧਿਤ ਕਰਮਚਾਰੀ ਹੀ ਕੋਈ ਧਿਆਨ ਦੇ ਰਹੇ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਿੰਘੋਵਾਲ ਪਿੰਡ ਦੇ ਸਾਰੇ ਲਾਲ ਲਕੀਰ ਧਾਰਕਾਂ ਦਾ ਸੋਧਿਆ ਹੋਇਆ ਨਕਸ਼ਾ ਜਾਰੀ ਕੀਤਾ ਜਾਵੇ ਅਤੇ ਸਾਰਿਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ ਤੇ ਪਿੰਡ ਦੇ ਨਾਗਰਿਕ ਸਰਕਾਰ ਦੀਆਂ ਸੁਵਿਧਾਵਾਂ ਦਾ ਲਾਭ ਲੈਂਦੇ ਹੋਏ ਆਪਣੇ ਘਰਾਂ ਦੀਆਂ ਰਜਿਸਟਰੀਆਂ ਕਰਵਾ ਸਕਣ | ਇਸ ਸਬੰਧੀ ਜਦੋਂ ਪੱਖ ਜਾਣਨ ਲਈ ਹਲਕਾ ਪਟਵਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਜੋ ਨਕਸ਼ਾ ਪਿੰਡ ਵਿਚ ਲਗਾਇਆ ਗਿਆ ਹੈ ਉਹ ਸਿਰਫ਼ ਕੁੱਝ ਘਰਾਂ ਦਾ ਹੀ ਹੈ | ਅਸੀਂ ਇਸ ਬਾਬਤ ਲਿਖਤੀ ਤੌਰ 'ਤੇ ਦੋ ਵਾਰ ਹੁਸ਼ਿਆਰਪੁਰ ਭੇਜਿਆ ਹੈ, ਪਰ ਸਾਨੂੰ ਉੱਪਰੋਂ ਇਹ ਆਦੇਸ਼ ਪ੍ਰਾਪਤ ਹੋਏ ਹਨ ਕਿ ਤੁਹਾਨੂੰ ਜੋ ਨਕਸ਼ਾ ਭੇਜਿਆ ਹੈ ਉਸ ਨੂੰ ਇੰਨ-ਬਿੰਨ ਢੰਗ ਨਾਲ ਲਾਗੂ ਕਰ ਦਿੱਤਾ ਜਾਵੇ |