ਤਲਵਾੜਾ, 19 ਅਪ੍ਰੈਲ (ਐੱਚ.ਐੱਸ.ਮਿੱਠੂ)- ਸੀ.ਬੀ.ਐਸ.ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ, ਦਸੂਹਾ ਦੀ ਵਿਦਿਆਰਥਣ ਦੀਪਕਰਮਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਤਲਵਾੜਾ ਦੀ ਰਹਿਣ ਵਾਲੀ ਇਸ ਹੋਣਹਾਰ ਬੇਟੀ ਨੇ 98.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਆਪਣੀ ਅਕਾਦਮਿਕ ਕਾਬਲੀਅਤ ਦਾ ਪ੍ਰਤੱਖ ਸਬੂਤ ਦਿੱਤਾ | ਦੀਪਕਰਮਨ ਜੋਕਿ ਮਨਦੀਪ ਸਿੰਘ ਅਤੇ ਕਰੁਣਾ ਪਰਿਹਾਰ ਦੀ ਸਪੁੱਤਰੀ ਹੈ | ਆਪਣੀ ਇਸ ਵੱਡੀ ਪ੍ਰਾਪਤੀ ਦਾ ਸਿਹਰਾ ਉਸ ਨੇ ਆਪਣੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ ਹੈ | ਦੀਪਕਰਮਨ ਨੇ ਦੱਸਿਆ ਕਿ ਸਖ਼ਤ ਮਿਹਨਤ, ਨਿਰੰਤਰਤਾ ਅਤੇ ਟੀਚੇ ਪ੍ਰਤੀ ਲਗਨ ਨਾਲ ਕਿਸੇ ਵੀ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ | ਸਕੂਲ ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਨੇ ਦੀਪਕਰਮਨ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਮਿਹਨਤੀ ਬੱਚੇ ਸਮਾਜ ਅਤੇ ਦੇਸ਼ ਦਾ ਸਰਮਾਇਆ ਹਨ | ਮਾਪਿਆਂ ਨੇ ਆਪਣੀ ਧੀ ਦੀ ਸਫਲਤਾ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਬੇਟੀਆਂ ਅੱਜ ਹਰ ਖੇਤਰ ਵਿਚ ਮੱਲ੍ਹਾਂ ਮਾਰ ਰਹੀਆਂ ਹਨ | ਇਸ ਮੌਕੇ ਮਾਤਾ ਸੁਰਿੰਦਰ ਕੌਰ, ਲਵਇੰਦਰ ਸਿੰਘ, ਜਸਵੰਤ ਕੌਰ, ਇਕਬਾਲ ਸਿੰਘ, ਅਰਸ਼ਦੀਪ ਸਿੰਘ ਅਤੇ ਸਿਮਰਨਜੀਤ ਕੌਰ ਹਾਜ਼ਰ ਸਨ |