ਦਸੂਹਾ, 21 ਅਪ੍ਰੈਲ (ਕੌਸ਼ਲ)-ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ ਦਾ ਬ੍ਰਾਹਮਣ ਸਭਾ ਦਸੂਹਾ ਦੇ ਪ੍ਰਧਾਨ ਸੋਹਣ ਲਾਲ ਪਰਾਸ਼ਰ, ਇੰਦਰ ਮੋਹਨ, ਸਤੀਸ਼ ਕਾਲੀਆ ਤੇ ਐਡਵੋਕੇਟ ਪਰਮਿੰਦਰ ਸ਼ਰਮਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਆਗੂਆਂ ਨੇ ਡਾ. ਵਰਿੰਦਰ ਕੌਰ ਦੀ ਸਿੱਖਿਆ ਖੇਤਰ ਵਿੱਚ ਕੀਤੀ ਜਾ ਰਹੀ ਸ਼ਾਨਦਾਰ ਸੇਵਾ ਅਤੇ ਨੇਤਿ੍ਤਵ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਕਾਲਜ ਦੀ ਤਰੱਕੀ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਨਿਖਾਰਨ ਵਿਚ ਪਿ੍ੰਸੀਪਲ ਦਾ ਯੋਗਦਾਨ ਕਾਬਿਲ-ਏ-ਤਾਰੀਫ਼ ਹੈ | ਉਨ੍ਹਾਂ ਦੱਸਿਆ ਕਿ ਡਾ. ਵਰਿੰਦਰ ਕੌਰ ਦੀ ਅਗਵਾਈ ਹੇਠ ਕਾਲਜ ਨੇ ਸਿੱਖਿਆ ਅਤੇ ਹੋਰ ਗਤੀਵਿਧੀਆਂ ਵਿਚ ਉੱਚ ਮਿਆਰ ਕਾਇਮ ਕੀਤਾ ਹੈ, ਜਿਸ ਨਾਲ ਇਲਾਕੇ ਦੇ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲ ਰਿਹਾ ਹੈ | ਡਾ. ਵਰਿੰਦਰ ਕੌਰ ਨੇ ਇਸ ਸਨਮਾਨ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਣਾ ਸਾਬਤ ਹੋਵੇਗਾ ਤੇ ਉਹ ਅੱਗੇ ਵੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪ੍ਰਤੀਬੱਧ ਰਹਿਣਗੇ |