ਹਾਜੀਪੁਰ, 22 ਅਪ੍ਰੈਲ (ਜੋਗਿੰਦਰ ਸਿੰਘ)-ਬਾਬਾ ਸ੍ਰੀ ਚੰਦ ਐਜੂਕੇਸ਼ਨਲ ਐਂਡ ਵੈੱਲਫੇਅਰ ਟਰੱਸਟ ਮੁਕੇਰੀਆਂ ਦੁਆਰਾ ਚਲਾਏ ਜਾ ਰਹੇ ਪਿੰਡ ਪਨਖੂਹ ਵਿਚ ਸਥਿਤ ਕੋਹਿਨੂਰ ਇੰਟਰਨੈਸ਼ਨਲ ਸਕੂਲ ਨੇ ਪਿ੍ੰਸੀਪਲ ਡਾਕਟਰ ਸੁਚਿੱਤਾ ਗੁਪਤਾ ਦੀ ਪ੍ਰਧਾਨਗੀ ਹੇਠ ਧਰਤੀ ਦਿਵਸ ਮਨਾਇਆ | ਇਸ ਮੌਕੇ 'ਤੇ ਸਕੂਲ ਵਿਚ ਕਈ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਵਿਦਿਆਰਥੀਆਂ ਨੇ ਭਾਸ਼ਣ ਅਤੇ ਪੇਂਟਿੰਗ ਮੁਕਾਬਲਿਆਂ ਵਿਚ ਹਿੱਸਾ ਲਿਆ ਜਿਸ ਵਿਚ ਧਰਤੀ 'ਤੇ ਵਧ ਰਹੇ ਸੰਕਟ ਅਤੇ ਘਟਦੀ ਹਰਿਆਲੀ ਨੂੰ ਉਜਾਗਰ ਕੀਤਾ ਗਿਆ | ਉਨ੍ਹਾਂ ਕੱਪੜੇ ਦੇ ਥੈਲਿਆਂ ਦੀ ਵਰਤੋ ਦੇ ਫ਼ਾਇਦਿਆਂ ਅਤੇ ਬਹੁਤ ਜ਼ਿਆਦਾ ਪੋਲੀਥੀਨ ਦੀ ਵਰਤੋਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਰੈਲੀ ਵੀ ਆਯੋਜਿਤ ਕੀਤੀ | ਉਨ੍ਹਾਂ ਨੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਦਾ ਪ੍ਰਣ ਲਿਆ ਅਤੇ ਵਾਤਾਵਰਨ ਦੀ ਰੱਖਿਆ ਕਰਨ ਅਤੇ ਧਰਤੀ ਨੂੰ ਸੁੰਦਰ ਬਣਾਉਣ ਵਿਚ ਯੋਗਦਾਨ ਪਾਉਣ ਦਾ ਪ੍ਰਣ ਲਿਆ | ਕੁੱਝ ਵਿਦਿਆਰਥੀਆਂ ਨੇ ਧਰਤੀ ਨੂੰ ਦਰਸਾਉਂਦੀਆਂ ਸੁੰਦਰ ਪੇਂਟਿੰਗਾਂ ਪ੍ਰਦਰਸ਼ਿਤ ਕੀਤੀਆਂ | ਇਸ ਮੌਕੇ ਪਿ੍ੰਸੀਪਲ ਡਾਕਟਰ ਸੁਚਿੱਤਾ ਗੁਪਤਾ ਨੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿਚ ਧਰਤੀ ਦੀ ਰੱਖਿਆ ਕਰਨ ਸੰਬੰਧੀ ਜਾਗਰੂਕਤਾ ਸੰਦੇਸ਼ ਦਿੱਤਾ | ਉਨ੍ਹਾਂ ਨੂੰ ਜੀਵਨ ਵਿਚ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ |