ਕੋਟਫ਼ਤੂਹੀ, 24 ਅਪ੍ਰੈਲ (ਅਵਤਾਰ ਸਿੰਘ ਅਟਵਾਲ)-ਸਰਕਾਰੀ ਮਿਡਲ ਸਕੂਲ ਠੁਆਣਾ 'ਚ ਅਧਿਆਪਕਾ ਦੀ ਆਪੱਤੀਜਨਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਪੰਚ ਮੀਨਾ ਰਾਣੀ, ਲੇਬਰ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪਿੰਡ ਵਾਸੀਆਂ ਦੀ ਇਕੱਤਰਤਾ ਕਰ ਕੇ ਸਕੂਲ ਦਾ ਮੌਕਾ ਵੇਖਿਆ ਕਿ ਸਕੂਲ 'ਚ ਇਕ ਕਮਰੇ ਤੋਂ ਬਿਨਾਂ ਬਾਕੀ ਸਾਰੇ ਕਮਰਿਆਂ ਨੂੰ ਤਾਲੇ ਲੱਗੇ ਹੋਏ ਹਨ, ਬੱਚਿਆਂ ਦਾ ਹਾਜ਼ਰੀ ਰਜਿਸਟਰ ਨਾ ਹੋਣ ਕਰ ਕੇ ਪਿਛਲੇ ਦੋ ਦਿਨਾ ਤੋਂ ਹਾਜ਼ਰੀ ਨਹੀ ਲੱਗੀ ਤੇ ਨਾ ਹੀ ਦੋ ਦਿਨਾਂ ਤੋਂ ਅਧਿਆਪਕਾ ਸਕੂਲ ਵਿਚ ਆਈ ਤੇ ਮੌਕੇ ਤੇ ਮੌਜੂਦ ਇਕ ਹੀ ਅਧਿਆਪਕਾ ਬੱਚਿਆਂ ਨੂੰ ਪੜ੍ਹਾ ਰਹੀ ਸੀ, ਇਸ ਸਬੰਧ ਵਿਚ ਉਨ੍ਹਾਂ ਸਕੂਲ ਵਿਚ ਰੋਸ ਪ੍ਰਗਟਾਇਆ ਤੇ ਇਸ ਸਬੰਧੀ ਜਾਣਕਾਰੀ ਵਧੀਕ ਕਮਿਸ਼ਨਰ ਕੈਪਟਨ ਗੁਰਪ੍ਰੀਤ ਕੌਰ ਨੂੰ ਲਿਖਤੀ ਭੇਜ ਦਿੱਤੀ ਹੈ, ਪਿਛਲੇ ਕਈ ਸਾਲਾਂ ਤੋਂ ਇਸ ਸਕੂਲ ਵਿਚ ਬੱਚਿਆਂ ਦੀ ਗਿਣਤੀ ਨਾ ਮਾਤਰ ਹੈ, 6 ਵੀਂ ਕਲਾਸ ਵਿਚ 5 ਬੱਚੇ, 7 ਵੀਂ ਕਲਾਸ ਵਿਚ ਇੱਕ ਬੱਚਾ ਅਤੇ 8 ਵੀਂ ਕਲਾਸ ਵਿਚ ਸਿਰਫ਼ 3 ਹੀ ਬੱਚੇ ਹਨ | ਉਨ੍ਹਾਂ ਦਸਿਆ ਕਿ ਇਸੇ ਬਿਲਡਿੰਗ ਵਿਚ ਪ੍ਰਾਇਮਰੀ ਸਕੂਲ ਵਿਚ ਕੁਲ 52 ਬੱਚੇ ਹਨ | ਜਦਕਿ ਸਰਪੰਚ ਨੂੰ ਅਧਿਆਪਕਾ ਨੇ ਕਦੇ ਵੀ ਸਕੂਲ ਵਿਚ ਬਣੀ ਸਿੱਖਿਆ ਕਮੇਟੀ ਦੀ ਮੀਟਿੰਗ ਵਿਚ ਸ਼ਾਮਿਲ ਹੀ ਨਹੀਂ ਕੀਤਾ, ਉਨ੍ਹਾਂ ਵੱਲੋਂ ਅਪਣੀ ਮਰਜ਼ੀ ਨਾਲ ਹੀ ਸਕੂਲ ਚਲਾਇਆ ਜਾ ਰਿਹਾ ਹੈ | ਉਨ੍ਹਾਂ ਸਕੂਲ ਸਬੰਧੀ ਜਾਣਕਾਰੀ ਚੀਫ਼ ਸਕੱਤਰ ਪੰਜਾਬ ਸਰਕਾਰ, ਸਿੱਖਿਆ ਸਕੱਤਰ ਅਤੇ ਨੈਸ਼ਨਲ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ, ਤਾਂ ਕਿ ਸਕੂਲ ਵਿਚ ਫਿਰ ਦੁਬਾਰਾ ਬੱਚਿਆਂ ਦੀ ਗਿਣਤੀ ਵੱਧ ਸਕੇ ਤੇ ਤੁਰੰਤ ਆਪੱਤੀਜਨਕ ਵੀਡੀਓ ਵਾਲੀ ਅਧਿਆਪਕਾ ਦੀ ਬਦਲੀ ਦੀ ਵੀ ਮੰਗ ਕੀਤੀ | ਇਸ ਮੌਕੇ ਅਜੀਤ ਸਿੰਘ, ਠੇਕੇਦਾਰ ਰਾਮ, ਰਣਜੀਤ ਸਿੰਘ,ਚਰਨ ਸਿੰਘ, ਕੁਲਵਰਣ ਸਿੰਘ, ਮਹਿੰਦਰ ਸਿੰਘ, ਰਘਵੀਰ ਸਿੰਘ, ਰੌਸ਼ਨ ਲਾਲ, ਜੀਤੂ ਠੁਆਣਾ, ਕੁਲਦੀਪ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |