ਹੁਸ਼ਿਆਰਪੁਰ, 3 ਮਈ (ਹਰਪ੍ਰੀਤ ਕੌਰ)-ਬੀਤੇ ਦਿਨੀਂ ਸੁਨਾਮ ਊਧਮ ਸਿੰਘ ਵਾਲਾ ਵਿਖੇ ਹੋਈ ਪੰਜਾਬ ਕਰਾਟੇ ਚੈਪੀਅਨਸ਼ਿਪ ਵਿਚ ਹੁਸ਼ਿਆਰਪੁਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ ਮੈਡਲ ਹਾਸਿਲ ਕੀਤੇ | ਇਸ ਚੈਪੀਅਨਸ਼ਿਪ ਦੌਰਾਨ ਜੂਨੀਅਰ ਅਤੇ ਸੀਨੀਅਰ ਵਰਗ ਵਿਚ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਪੰਜਾਬ ਭਰ ਤੋਂ 300 ਤੋਂ ਵੱਧ ਕਰਾਟੇ ਖਿਡਾਰੀਆਂ ਨੇ ਭਾਗ ਲਿਆ | ਜ਼ਿਲ੍ਹਾ ਕਰਾਟੇ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਇਸ ਪ੍ਰਤੀਯੋਗਤਾ ਵਿਚ ਜ਼ਿਲ੍ਹੇ ਦੀ ਅਗਵਾਈ ਕਰਨ ਲਈ ਜਗਮੋਹਨਜ਼ ਇੰਸਟੀਚਿਊਟ ਆਫ਼ ਟਰੇਡੀਸ਼ਨਲ ਕਰਾਟੇ ਹੁਸ਼ਿਆਰਪੁਰ ਦੀ ਅੰਤਰਰਾਸ਼ਟਰੀ ਕਾਰਟੇਕਾ ਆਰਤੀ ਕੁਮਾਰੀ ਅਤੇ ਅਦਿੱਤਿਆ ਬਖਸ਼ੀ ਸਮੇਤ ਤਿੰਨ ਖਿਡਾਰੀਆਂ ਦੀ ਚੋਣ ਕੀਤੀ ਗਈ ਸੀ | ਜੂਨੀਅਰ ਵਰਗ ਵਿਚ ਅਕਸ਼ਿਤਾ ਸ਼ਰਮਾ ਤੇ ਆਰਤੀ ਕੁਮਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ ਮੈਡਲ ਹਾਸਿਲ ਕੀਤੇ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਮੁੱਖ ਕਰਾਟੇ ਕੋਚ ਜਗਮੋਹਨ ਵਿਜ ਨੇ ਦੱਸਿਆ ਕਿ ਆਰਤੀ ਕੁਮਾਰੀ ਨੇ ਅੱਜ ਤੱਕ ਜਿੰਨੇ ਵੀ ਸਟੇਟ ਕਰਾਟੇ ਚੈਪੀਅਨਸ਼ਿਪ 'ਚ ਹਿੱਸਾ ਲਿਆ, ਸੋਨੇ ਦੇ ਮੈਡਲ ਜਿੱਤੇ | ਉਨ੍ਹਾਂ ਕਿਹਾ ਕਿ ਇਹ ਉਪਲਬਧੀ ਹਾਸਿਲ ਕਰਨ ਵਾਲੀ ਆਰਤੀ ਕੁਮਾਰੀ ਪੰਜਾਬ ਦੀ ਪਹਿਲੀ ਕਰਾਟੇਕਾ ਹੈ | ਟੀਮ 'ਚ ਸ਼ਾਮਿਲ ਸਰਵਾਨੰਦ ਗਿਰੀ ਲਾਅ ਕਾਲਜ ਦੇ ਅਦਿੱਤਿਆ ਬਖਸ਼ੀ ਨੇ ਸੀਨੀਅਰ ਲੜਕਿਆਂ ਦੇ ਕਾਤਾ ਮੁਕਾਬਲੇ ਵਿਚ ਚਾਂਦੀ ਦਾ ਅਤੇ ਕੁਮਤੇ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਜਿੱਤਣ ਦਾ ਮਾਣ ਹਾਸਿਲ ਕੀਤਾ | ਜੂਨੀਅਰ ਲੜਕੀਆਂ ਦੇ ਕਾਤਾ ਮੁਕਾਬਲੇ ਵਿਚ ਹੁਸ਼ਿਆਰਪੁਰ ਦੀ ਅਕਸ਼ਿਤ ਸ਼ਰਮਾ ਨੇ ਸੋਨੇ ਦਾ ਮੈਡਲ ਹਾਸਿਲ ਕੀਤਾ |