ਹਰਿਆਣਾ, 5 ਮਈ (ਹਰਮੇਲ ਸਿੰਘ ਖੱਖ)-ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਦੀ ਅਗਵਾਈ ਹੇਠ 4 ਤੋਂ 10 ਮਈ ਤੱਕ ਫਾਇਰ ਸੇਫ਼ਟੀ ਵੀਕ ਮਨਾਇਆ ਜਾ ਰਿਹਾ ਹੈ | ਇਸ ਮੁਹਿੰਮ ਦਾ ਮੁੱਖ ਉਦੇਸ਼ ਸਿਹਤ ਸੰਸਥਾਵਾਂ ਤੇ ਆਮ ਜਨਤਾ 'ਚ ਅੱਗ ਤੋਂ ਬਚਾਅ, ਐਮਰਜੈਂਸੀ ਤਿਆਰੀ ਅਤੇ ਸੁਰੱਖਿਆ ਉਪਾਵਾਂ ਬਾਰੇ ਵਿਆਪਕ ਜਾਗਰੂਕਤਾ ਪੈਦਾ ਕਰਨਾ ਹੈ | ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਫਾਇਰ ਸੇਫ਼ਟੀ ਵੀਕ ਸਿਰਫ਼ ਇਕ ਮੁਹਿੰਮ ਨਹੀਂ, ਸਗੋਂ ਜਾਨਾਂ ਬਚਾਉਣ ਲਈ ਇਕ ਜ਼ਰੂਰੀ ਕਦਮ ਹੈ, ਜਿਸ 'ਚ ਹਰ ਨਾਗਰਿਕ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ | ਇਸ ਮੌਕੇ ਉਨ੍ਹਾਂ ਨੇ ਸਾਰੇ ਸਰਕਾਰੀ ਤੇ ਨਿੱਜੀ ਸਿਹਤ ਕੇਂਦਰਾਂ ਵਿਚ ਫਾਇਰ ਸੇਫ਼ਟੀ ਪੋ੍ਰਟੋਕਾਲ ਦੀ ਪਾਲਨਾ ਯਕੀਨੀ ਬਣਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ | ਅੱਗ ਲੱਗਣ ਦੀ ਸਥਿਤੀ 'ਚ ਤੁਰੰਤ ਕਾਰਵਾਈ ਕਰਨ ਲਈ ਸਟਾਫ਼ ਨੂੰ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਵੇਗੀ | ਇਸ ਤੋਂ ਇਲਾਵਾ, ਸਕੂਲਾਂ, ਆਂਗਣਵਾੜੀ ਕੇਂਦਰਾਂ ਤੇ ਭੀੜ ਵਾਲੇ ਸਥਾਨਾਂ 'ਤੇ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਅੱਗ ਦੇ ਖ਼ਤਰੇ, ਗੈੱਸ ਲੀਕ, ਸ਼ਾਰਟ ਸਰਕਟ ਤੇ ਹੋਰ ਸੰਭਾਵਿਤ ਕਾਰਨਾਂ ਬਾਰੇ ਜਾਣੂ ਕਰਵਾਇਆ ਜਾਵੇਗਾ | ਇਸ ਮੌਕੇ ਡਾ. ਜਗਤਾਰ ਨੇ ਸਾਰੇ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਸੰਸਥਾਨਾਂ ਵਿਚ ਫਾਇਰ ਸੇਫ਼ਟੀ ਉਪਕਰਨ ਜਿਵੇਂ ਕਿ ਫਾਇਰ ਐਕਸਟਿੰਗਵਿਸ਼ਰ, ਅਲਾਰਮ ਸਿਸਟਮ ਤੇ ਐਮਰਜੈਂਸੀ ਏਗਜ਼ਿਟਸ ਦੀ ਕਾਰਗੁਜ਼ਾਰੀ ਦੀ ਪੂਰੀ ਜਾਂਚ ਕਰਨ | ਇਸ ਮੌਕੇ ਡਾ. ਅਭਿਤੋਜ ਸਿੰਘ, ਜਸਤਿੰਦਰ ਸਿੰਘ ਬੀ. ਈ. ਈ., ਜੋਤੀ ਬਾਲਾ ਨਰਸਿੰਗ ਸਿਸਟਰ, ਲਖਵਿੰਦਰ ਕੌਰ, ਫਾਰਮੇਸੀ ਅਫ਼ਸਰ ਰਾਜਵਿੰਦਰ ਸਿੰਘ ਅਤੇ ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ, ਸਟਾਫ਼ ਨਰਸ ਰਮਨਦੀਪ ਕੌਰ, ਬਲਪ੍ਰੀਤ ਕੌਰ, ਮਨਦੀਪ ਕੌਰ, ਅਨੀਤਾ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |