ਹੁਸ਼ਿਆਰਪੁਰ, 5 ਮਈ (ਬਲਜਿੰਦਰਪਾਲ ਸਿੰਘ)-ਬੀਤੀ ਦੇਰ ਸ਼ਾਮ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਭਾਜਪਾ ਯੂਥ ਵਰਕਰ ਨੂੰ ਇਕ ਝਗੜੇ ਦੇ ਮਾਮਲੇ 'ਚ ਇਨਸਾਫ਼ ਨਾ ਮਿਲਣ 'ਤੇ ਭਾਜਪਾ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ 'ਚ ਇਨਸਾਫ਼ ਲਈ ਥਾਣਾ ਸਿਟੀ ਦੇ ਬਾਹਰ ਧਰਨਾ ਲਗਾ ਦਿੱਤਾ | ਇਸ ਸੰਬੰਧੀ ਜ਼ਿਲ੍ਹਾ ਪ੍ਰਧਾਨ ਭਾਜਪਾ ਨਿਪੁੰਨ ਸ਼ਰਮਾ ਨੇ ਦੱਸਿਆ ਕਿ ਭਾਜਪਾ ਯੂਥ ਵਰਕਰ ਕਮਲ ਸੈਣੀ ਦਾ ਕਿਸੇ ਨੌਜਵਾਨ ਨਾਲ ਝਗੜਾ ਚੱਲ ਰਿਹਾ ਹੈ ਤੇ ਉਸ ਵਲੋਂ ਕਮਲ ਸੈਣੀ ਨੂੰ ਧਮਕਾਇਆ ਜਾ ਰਿਹਾ ਹੈ, ਜਿਸ ਸੰਬੰਧੀ ਪੀੜਤ ਕਮਲ ਸੈਣੀ ਪਿਛਲੇ 5 ਦਿਨਾਂ ਤੋਂ ਥਾਣੇ ਦੇ ਚੱਕਰ ਲਗਾ ਰਿਹਾ ਹੈ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਇੰਨਾ ਗੰਭੀਰ ਹੈ ਕਿ ਉਕਤ ਨੌਜਵਾਨ ਨੇ ਕਮਲ ਸੈਣੀ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਹੈ, ਜਿਸ ਦੀ ਫ਼ੋਨ ਰਿਕਾਰਡਿੰਗ ਵੀ ਥਾਣੇ ਦੇ ਐਸ. ਐਚ. ਓ. ਨੂੰ ਸੁਣਾਈ ਗਈ, ਪਰ ਫਿਰ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਦੇ ਚੱਲਦਿਆਂ ਉਨ੍ਹਾਂ ਨੂੰ ਮਜ਼ਬੂਰੀਵੱਸ ਇਹ ਧਰਨਾ ਲਗਾਉਣਾ ਪਿਆ | ਉਨ੍ਹਾਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਨੂੰ ਤੁਰੰਤ ਕਾਬੂ ਕਰਕੇ ਭਾਜਪਾ ਯੂਥ ਵਰਕਰ ਕਮਲ ਸੈਣੀ ਨੂੰ ਇਨਸਾਫ਼ ਦਿਵਾਇਆ ਜਾਵੇ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਮਾਮਲੇ 'ਚ ਪੀੜਤ ਨੂੰ ਇਨਸਾਫ਼ ਨਾ ਮਿਲਿਆ ਤਾਂ ਭਾਜਪਾ ਵਰਕਰਾਂ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ |