ਮੁਕੇਰੀਆਂ, 6 ਮਈ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਵਲੋਂ ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਕਾਲਜ ਵਿਖੇ Tਰਿਸਰਚ ਨਿਊਜ਼ਲੈਟਰ 2026U ਅਤੇ ਪੁਸਤਕ ਰਿਲੀਜ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਹੋਈ | ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ, ਐਡਵੋਕੇਟ ਗੁਰਦੀਪ ਸਿੰਘ, ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਰਸਮੀ ਸਵਾਗਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਪਿ੍ੰਸੀਪਲ ਡਾ. ਜਸਵਿੰਦਰ ਸਿੰਘ, (ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਚੰਡੀਗੜ੍ਹ, ਉਨ੍ਹਾਂ ਦੇ ਨਾਲ ਡਾ. ਜਗਤਾਰ ਸਿੰਘ ਅਤੇ ਡਾ. ਸੁਰਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਪ੍ਰੋਗਰਾਮ ਦੌਰਾਨ ਕੋਆਰਡੀਨੇਟਰ ਡਾ. ਸਰਿਤਾ ਰਾਣਾ ਵੱਲੋਂ ਕਾਲਜ ਦੀਆਂ ਰਿਸਰਚ ਗਤੀਵਿਧੀਆਂ ਅਤੇ ਅਕਾਦਮਿਕ ਉਪਲਬਧੀਆਂ ਬਾਰੇ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ ਗਈ | ਇਸ ਮੌਕੇ 'ਤੇ ਰਿਸਰਚ ਨਿਊਜ਼ਲੈਟਰ (2025-26) ਰਿਲੀਜ਼ ਕੀਤਾ ਗਿਆ | ਨਾਲ ਹੀ ਇੱਕ ਅੰਤਰਰਾਸ਼ਟਰੀ ਜਰਨਲ, ਦੋ ਮੈਗਜ਼ੀਨ, ਤਿੰਨ ਸੰਪਾਦਿਤ ਪੁਸਤਕਾਂ ਅਤੇ ਇੱਕ ਕਾਨਫ਼ਰੰਸ ਪ੍ਰੋਸੀਡਿੰਗ ਵੀ ਰਿਲੀਜ਼ ਕੀਤੀ ਗਈ, ਜੋ ਸੰਸਥਾ ਦੀ ਰਿਸਰਚ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਇਹ ਵੀ ਜ਼ਿਕਰਯੋਗ ਹੈ ਕਿ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਰਿਸਰਚ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਆਰਥਿਕ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ | ਡਾ. ਜਸਵਿੰਦਰ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਦੌਰਾਨ ਖੋਜ ਕਾਰਜਾਂ ਦੀ ਮਹੱਤਤਾ ਨੂੰ ਦੱਸਦਿਆਂ ਕਿਹਾ ਕਿ ਦੇਸ਼ ਦੀ ਉੱਨਤੀ ਲਈ ਸਾਰਥਿਕ ਖੋਜ ਕਾਰਜ ਵੱਡਾ ਯੋਗਦਾਨ ਪਾ ਸਕਦੇ ਹਨ | ਉੱਚ ਸਿੱਖਿਆ ਵਿਚ ਪੜਾਈ ਦੇ ਨਾਲ-ਨਾਲ ਕੀਤੇ ਗਏ ਖੋਜ ਕਾਰਜਾਂ ਨਾਲ ਵਿਦਿਆਰਥੀਆਂ ਅੰਦਰ ਡੂੰਘੇ ਅਧਿਐਨ ਦੀ ਰੁਚੀ ਨੂੰ ਵਧਾਇਆ ਜਾ ਸਕਦਾ ਹੈ | ਉਨ੍ਹਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਵਿਚ ਖੋਜ ਕਾਰਜ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਦੇ ਅੰਤ ਵਿਚ ਪਿ੍ੰਸੀਪਲ ਡਾ. ਕਰਮਜੀਤ ਕੌਰ ਨੇ ਧੰਨਵਾਦੀ ਸ਼ਬਦਾਂ ਦੀ ਸਾਂਝ ਪਾਉਂਦਿਆਂ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ, ਮੈਂਬਰ ਸਾਹਿਬਾਨ , ਮੁੱਖ ਮਹਿਮਾਨ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ | ਖੋਜ ਕਾਰਜਾਂ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸਰਾਹਨਾ ਕੀਤੀ | ਇਸ ਮੌਕੇ ਤੇ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਦੇ ਮੈਂਬਰ ਡਾ. ਮਨਿੰਦਰਜੀਤ ਕੌਰ, ਡਾ. ਰੀਨਾ ਕੁਮਾਰੀ, ਡਾ. ਏਕਤਾ, ਸਹਾਇਕ ਪ੍ਰੋਫੈਸਰ ਮੋਨਿਕਾ ਅਤੇ ਸਹਾਇਕ ਪ੍ਰੋਫੈਸਰ ਸ਼ਿਵਾਨੀ ਦੇ ਨਾਲ ਸਮੂਹ ਸਟਾਫ਼ ਹਾਜ਼ਰ ਰਿਹਾ | ਅੰਤ ਵਿਚ ਖੋਜ ਕਾਰਜ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਇੱਕ ਯਾਦਗਾਰੀ ਤਸਵੀਰ ਵੀ ਕਰਵਾਈ ਗਈ | ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ | ਇਹ ਸਮਾਰੋਹ ਕਾਲਜ ਵਿਚ ਖੋਜ ਕਾਰਜਾਂ ਅਤੇ ਨਵੀਨਤਾ ਦੇ ਪ੍ਰਸਾਰ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ |