ਮੁਕੇਰੀਆਂ, 12 ਮਈ (ਰਾਮਗੜ੍ਹੀਆ)-ਪਾਵਰਕਾਮ ਅਧਿਕਾਰੀ ਵਲੋਂ ਦਿੱਤੇ ਸੱਦੇ 'ਤੇ ਟੀ. ਐਸ. ਯੂ. ਦੀ ਮੁਕੇਰੀਆਂ ਇਕਾਈ ਵਲੋਂ ਵਧੀਕ ਨਿਗਰਾਨ ਇੰਜੀਨੀਅਰ ਗੁਰਪ੍ਰਤਾਪ ਸਿੰਘ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਮੰਡਲ ਪ੍ਰਧਾਨ ਜਗਜੀਤ ਸਿੰਘ ਤੇ ਸਕੱਤਰ ਸੁਰਜੀਤ ਸਿੰਘ ਦੀ ਅਗਵਾਈ ਵਿਚ ਹੋਈ | ਇਸ ਮੌਕੇ ਜਥੇਬੰਦੀ ਦੇ ਸਾਬਕਾ ਸੂਬਾ ਵਿੱਤ ਸਕੱਤਰ ਲਖਵਿੰਦਰ ਸਿੰਘ ਦੇਵੀਦਾਸ, ਜ਼ੋਨ ਦੇ ਵਿੱਤ ਸਕੱਤਰ ਇੰਦਰਜੀਤ ਸਿੰਘ ਤੇ ਸਰਕਲ ਦੇ ਮੀਤ ਪ੍ਰਧਾਨ ਠਾਕੁਰ ਮਨਮੋਹਨ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਆਗੂਆਂ ਨੇ ਪੈਡੀ ਸੀਜ਼ਨ ਵਿਚ ਮੁਲਾਜ਼ਮਾਂ ਦੀ ਘਾਟ ਦਾ ਮੁੱਦਾ ਅਧਿਕਾਰੀ ਦੇ ਕੋਲ ਉਠਾਉਂਦਿਆਂ ਦੱਸਿਆ ਕਿ ਉਪ ਮੰਡਲ ਭੰਗਾਲਾ 'ਚ ਸਹਾਇਕ ਲਾਈਨਮੈਨ ਦੀਆਂ 49, ਹਾਜੀਪੁਰ ਵਿਚ 27, ਦਾਤਾਰਪੁਰ ਵਿਚ ਕਰੀਬ 22, ਮੁਕੇਰੀਆਂ ਅੰਦਰ 17 ਅਸਾਮੀਆਂ ਖ਼ਾਲੀ ਪਈਆਂ ਹਨ | ਸਹਾਇਕ ਲਾਈਨਮੈਨਾਂ ਦੀ ਘਾਟ ਕਾਰਨ ਬਿਜਲੀ ਕਰਮਚਾਰੀ ਮਾਨਸਿਕ ਦਬਾਅ ਅਧੀਨ ਕੰਮ ਕਰ ਰਹੇ ਹਨ ਅਤੇ ਮੁਲਾਜ਼ਮਾਂ ਨੂੰ ਹਫ਼ਤਾਵਾਰੀ ਛੁੱਟੀ ਵੀ ਨਸੀਬ ਨਹੀਂ ਹੋ ਰਹੀ ਜਦਕਿ ਦਫ਼ਤਰਾਂ 'ਚ ਬੈਠੇ ਤਕਨੀਕੀ ਕਾਮੇ ਹਫ਼ਤਾਵਾਰੀ ਛੁੱਟੀ ਸਮੇਤ ਸਾਰੀਆਂ ਗਜ਼ਟਿਡ ਛੁੱਟੀਆਂ ਮਾਣ ਰਹੇ ਹਨ | ਜਥੇਬੰਦੀ ਨੇ ਮੰਗ ਕੀਤੀ ਕਿ ਜਦੋਂ ਤੱਕ ਸਹਾਇਕ ਲਾਈਨਮੈਨਾਂ ਦੀਆਂ ਅਸਾਮੀਆਂ ਨਹੀਂ ਭਰੀਆਂ ਜਾਂਦੀਆਂ, ਲੋੜਵੰਦ ਲਾਈਨਮੈਨਾਂ ਨੂੰ ਉਨ੍ਹਾਂ ਦੇ ਮੁੱਢਲੇ ਸਥਾਨਾਂ 'ਤੇ ਆਰਜ਼ੀ ਹੈੱਡਕੁਆਰਟਰਾਂ ਰਾਹੀਂ ਤੇ ਸੀ. ਐਚ. ਬੀ. ਦੀ ਸਪੈਸ਼ਲ ਡਿਮਾਂਡ ਕਰਕੇ ਭਰਿਆ ਜਾਵੇ | ਵਧੀਕ ਨਿਗਰਾਨ ਇੰਜੀਨੀਅਰ ਗੁਰਪ੍ਰਤਾਪ ਸਿੰਘ ਨੇ ਆਗੂਆਂ ਨੂੰ ਭਰੋਸਾ ਦੁਆਇਆ ਕਿ ਮੁਲਾਜ਼ਮਾਂ ਦੀ ਘਾਟ ਲਾਈਨਮੈਨਾਂ ਦੇ ਆਰਜ਼ੀ ਹੈੱਡਕੁਆਰਟਰਾਂ ਜਾਂ ਸੀ. ਐੱਚ. ਬੀ. ਦੀ ਭਰਤੀ ਰਾਹੀਂ ਦੂਰ ਦਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਜਾਵੇਗਾ | ਦਫ਼ਤਰਾਂ ਵਿਚ ਬੈਠੇ ਗ਼ੈਰਜ਼ਰੂਰੀ ਤਕਨੀਕੀ ਕਾਮਿਆਂ ਨੂੰ ਫ਼ੀਲਡ ਵਿਚ ਤਾਇਨਾਤ ਅਤੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਉਪ ਮੰਡਲ ਪੱਧਰ 'ਤੇ ਹੀ ਕਰਨ ਲਈ ਐਸ. ਡੀ. ਓਜ਼ ਨੂੰ ਬਣਦੀਆਂ ਹਦਾਇਤਾਂ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ/ਪੈਨਸ਼ਨਰਾਂ ਦੇ 23 ਸਾਲਾ ਅਤੇ ਏਰੀਅਰ ਦੇ ਮਸਲਿਆਂ ਵਿਚ ਦੇਰੀ ਪੀ. ਐਸ. ਪੀ. ਸੀ. ਐਲ. ਮੁਲਾਜ਼ਮਾਂ ਦੀ ਡਿਊਟੀ ਸਰਕਾਰ ਸਤਿਕਾਰ ਯੋਜਨਾ ਸਕੀਮ ਅਧੀਨ ਲੱਗਣ ਕਾਰਨ ਹੋਈ ਹੈ, ਜਿਸ ਸੰਬੰਧੀ ਉਪ ਮੁੱਖ ਇੰਜੀਨੀਅਰ ਸਮੇਤ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਅਤੇ ਐਸ. ਡੀ. ਐਮ ਮੁਕੇਰੀਆਂ ਨੂੰ ਪੱਤਰ ਲਿਖ ਕੇ ਅਜਿਹੀਆਂ ਡਿਊਟੀਆਂ ਨਾ ਲਗਾਉਣ ਦੀ ਅਪੀਲ ਕੀਤੀ ਗਈ ਹੈ | ਲਿਸਟ ਤਿਆਰ ਕਰਦੇ ਪੈਡਿੰਗ ਕੇਸਾਂ ਦਾ ਸਮਾਂਬੱਧ ਨਿਪਟਾਰਾ ਅਤੇ ਮੈਡੀਕਲ ਬਿੱਲਾਂ ਦੀ ਲਿਸਟ ਤਿਆਰ ਕਰਦੇ ਲੋੜੀਂਦੀ ਕਾਰਵਾਈ ਜਲਦ ਹੀ ਕਰ ਦਿੱਤੀ ਜਾਵੇਗੀ | ਉਨ੍ਹਾਂ ਵਫ਼ਦ ਦੇ ਆਗੂਆਂ ਨੂੰ ਭਰੋਸਾ ਦੁਆਇਆ ਕਿ ਉਹ ਮੁਲਾਜ਼ਮਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਯਤਨਸ਼ੀਲ ਹਨ, ਪਰ ਕੁੱਝ ਰੁਝੇਵਿਆਂ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਸਰਕਾਰੀ ਸਕੀਮਾਂ ਵਿਚ ਲੱਗਣ ਕਾਰਨ ਕੁੱਝ ਮੁਸ਼ਕਿਲਾਂ ਆਉਂਦੀਆਂ ਹਨ | ਜਥੇਬੰਦੀ ਵਲੋਂ ਮੁਲਾਜ਼ਮ ਜਥੇਬੰਦੀ ਨੂੰ ਮੰਗਾਂ ਸੁਣਨ ਲਈ ਦਿੱਤੇ ਯੋਗ ਸਮੇਂ ਲਈ ਵਧੀਕ ਨਿਗਰਾਨ ਇੰਜੀਨੀਅਰ ਦਾ ਧੰਨਵਾਦ ਕੀਤਾ |