ਹੁਸ਼ਿਆਰਪੁਰ, 20 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਅਤੇ ਕੋਰਨੀਆਲ ਟਰਾਂਸਪਲਾਂਟੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਜੇ. ਬੀ. ਬਹਿਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਸਕੱਤਰ ਘਨਸ਼ਿਆਮ ਥੋਰੀ ਨਾਲ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਦਫ਼ਤਰ 'ਚ ਮੁਲਾਕਾਤ ਕੀਤੀ ਗਈ | ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਰੋਟਰੀ ਆਈ ਬੈਂਕ ਦੇ ਕਾਰਜਾਂ ਬਾਰੇ ਜਾਣੂ ਕਰਵਾਇਆ | ਇਸ ਦੌਰਾਨ ਪ੍ਰਧਾਨ ਜੇ. ਬੀ. ਬਹਿਲ ਨੇ ਸਿਹਤ ਸਕੱਤਰ ਨੂੰ ਦੱਸਿਆ ਕਿ ਸੂਬੇ 'ਚ ਕੋਰਨੀਆ ਬਲਾਈਾਡਨੈੱਸ ਨਾਲ ਪੀੜਤ ਲੋਕਾਂ ਦੀ ਗਿਣਤੀ ਕਾਫ਼ੀ ਵੱਧ ਹੈ, ਜਦਕਿ ਕੋਰਨੀਆ ਇਕੱਠੇ ਕਰਨ ਦੀ ਦਰ ਬਹੁਤ ਘੱਟ ਹੈ | ਉਨ੍ਹਾਂ ਬੇਨਤੀ ਕੀਤੀ ਕਿ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣ ਕਿ ਉਹ ਆਪਣੇ ਕੋਲ ਮੌਜੂਦ ਕੋਰਨੀਆ ਬਲਾਈਾਡ ਮਰੀਜ਼ਾਂ ਦੀਆਂ ਸੂਚੀਆਂ ਤੁਰੰਤ ਸੋਸਾਇਟੀ ਨੂੰ ਮੁਹੱਈਆ ਕਰਵਾਉਣ, ਤਾਂ ਜੋ ਪੰਜਾਬ ਨੂੰ ਕੋਰਨੀਆ ਬਲਾਈਾਡਨੈੱਸ ਤੋਂ ਮੁਕਤ ਕਰਨ ਦੇ ਮਿਸ਼ਨ ਨੂੰ ਸਫਲ ਬਣਾਇਆ ਜਾ ਸਕੇ | ਇਸ ਤੋਂ ਇਲਾਵਾ ਮੰਗ ਕੀਤੀ ਕਿ ਜੋ ਵਿਅਕਤੀ ਨੇਤਰਦਾਨ ਕਰਦਾ ਹੈ, ਉਸ ਦੇ ਪਰਿਵਾਰ ਨੂੰ ਆਜ਼ਾਦੀ ਦਿਵਸ ਜਾਂ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਹੁਸ਼ਿਆਰਪੁਰ ਵਿਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਹ ਪ੍ਰਥਾ ਪੂਰੇ ਪੰਜਾਬ ਵਿਚ ਲਾਗੂ ਕੀਤੀ ਜਾਣੀ ਚਾਹੀਦੀ ਹੈ | ਇਸ ਮੌਕੇ ਸਿਹਤ ਵਿਭਾਗ ਦੇ ਸਕੱਤਰ ਘਨਸ਼ਿਆਮ ਥੋਰੀ ਨੇ ਸੁਸਾਇਟੀ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਪ੍ਰੋ. ਦਲਜੀਤ ਸਿੰਘ ਅਤੇ ਪ੍ਰੋ. ਰਾਜੀਵ ਸ਼ਰਮਾ ਵੀ ਹਾਜ਼ਰ ਸਨ |