ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ)-ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰਦੇ ਹੋਏ ਤੇ ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਐਤਵਾਰ ਨੂੰ ਚੱਬੇਵਾਲ ਵਿਧਾਨ ਸਭਾ ਹਲਕੇ 'ਚ ਪੰਜਾਬ ਸਰਕਾਰ ਦੀ ਮਹੱਤਵਪੂਰਨ 'ਮੇਰੀ ਰਸੋਈ ਯੋਜਨਾ' ਦੀ ਸ਼ੁਰੂਆਤ ਕੀਤੀ, ਜਿਸ 'ਚ ਪਿੰਡ ਚੱਬੇਵਾਲ ਤੇ ਅਜਨੋਹਾ ਦੇ ਲਗਪਗ 600 ਲਾਭਪਾਤਰੀ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਕਿੱਟਾਂ ਵੰਡੀਆਂ ਗਈਆਂ | ਵਿਧਾਇਕ ਨੇ ਚੱਬੇਵਾਲ 'ਚ ਲਗਪਗ 250 ਅਤੇ ਅਜਨੋਹਾ ਵਿਚ 350 ਲਾਭਪਾਤਰੀ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ | ਉਨ੍ਹਾਂ ਦੱਸਿਆ ਕਿ ਹਲਕੇ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ 30 ਜੂਨ ਤੱਕ ਇਸ ਯੋਜਨਾ ਦਾ ਲਾਭ ਪਹੁੰਚਦਾ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਚੱਬੇਵਾਲ ਪੰਜਾਬ ਦੇ ਚੋਣਵੇਂ ਹਲਕਿਆਂ ਦੇ ਸਮੂਹ ਵਿਚ ਸ਼ਾਮਿਲ ਹੋ ਗਿਆ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਇਸ ਯੋਜਨਾ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ ਸ਼ੁਰੂ ਹੋ ਗਿਆ ਹੈ | ਇਸ ਮੌਕੇ ਮੌਜੂਦ ਲਾਭਪਾਤਰੀਆਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ, ਵਿਧਾਇਕ ਦਾ ਧੰਨਵਾਦ ਕੀਤਾ |