ਬੀਣੇਵਾਲ, 24 ਮਈ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਟੱਬਾ ਦੇ ਲੋਕ ਗੰਦੀਆਂ ਨਾਲੀਆਂ ਦਾ ਸਰਫ਼ ਵਾਲਾ ਤੇ ਕਚਰੇ ਵਾਲਾ ਪਾਣੀ ਪੀਣ ਲਈ ਮਜਬੂਰ ਹਨ | ਜ਼ਿਕਰਯੋਗ ਹੈ ਕਿ ਪਿੰਡ ਟੱਬਾ ਸਮੇਤ ਅੱਠ ਪਿੰਡਾਂ ਨੂੰ ਹਰੀਪੁਰ ਜਲ ਯੋਜਨਾ ਤੋਂ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾਂਦਾ ਹੈ | ਇਨ੍ਹਾਂ ਪਿੰਡਾਂ ਨੂੰ ਸਪਲਾਈ ਦੇਣ ਲਈ ਪਿੰਡ ਸੇਖੋਵਾਲ ਵਿਚ ਪਾਣੀ ਦੀ ਵੱਡੀ ਟੈਂਕੀ ਵੀ ਬਣੀ ਹੋਈ ਹੈ | ਪਿੰਡ ਟੱਬਾ ਦੇ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ 'ਚ ਕਰੀਬ ਇਕ ਹਫ਼ਤੇ ਤੋਂ ਖ਼ਰਾਬ ਪਾਣੀ ਦੀ ਸਪਲਾਈ ਆ ਰਹੀ ਹੈ | ਪਿੰਡ 'ਚ ਦੋ ਤਿੰਨ ਥਾਵਾਂ 'ਤੇ ਪਾਈਪ ਲਾਈਨ ਲੀਕ ਕਰ ਰਹੀ ਹੈ ਅਤੇ ਐਲੀਮੈਂਟਰੀ ਸਕੂਲ ਲਾਗੇ ਤਾਂ ਲੀਕੇਜ ਲਗਾਤਾਰ ਕਈ ਮਹੀਨਿਆਂ ਤੋਂ ਹੋ ਰਹੀ ਹੈ, ਜਿਸ ਕਰਕੇ ਗੰਦਾ ਪਾਣੀ ਪਾਈਪਾਂ 'ਚ ਚਲਾ ਜਾਂਦਾ ਹੈ | ਪਿੰਡ ਵਾਸੀਆਂ ਨੇ ਦੱਸਿਆ ਪਾਣੀ 'ਚ ਸਰਫ਼ ਮਿਕਸ ਹੁੰਦਾ ਹੈ ਅਤੇ ਗੰਦਗੀ ਤੇ ਕਚਰਾ ਵੀ ਪਾਣੀ 'ਚ ਆਉਂਦਾ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ | ਇਸ ਸੰਬੰਧੀ ਜੇ. ਈ. ਸਕਸ਼ਮ ਸ਼ਰਮਾ ਨੇ ਦੱਸਿਆ ਕਿ ਹੋ ਸਕਦਾ ਹੈ ਪਾਈਪ ਲਾਈਨ ਕਿਸੇ ਥਾਂ ਤੋਂ ਟੱੁਟ ਗਈ ਹੋਵੇ ਤਾਂ ਹੀ ਪਾਈਪਾਂ 'ਚ ਸਪਲਾਈ ਬੰਦ ਹੋਣ 'ਤੇ ਗੰਦਾ ਪਾਣੀ ਪਾਈਪਾਂ 'ਚ ਚਲਾ ਜਾਂਦਾ ਹੈ | ਜੇ. ਈ. ਕਿਹਾ ਕਿ ਉਹ ਆਪਣੇ ਕਰਮਚਾਰੀ ਭੇਜ ਕੇ ਟੁੱਟੀਆਂ ਲਾਈਨਾਂ ਦੀ ਮੁਰੰਮਤ ਕਰਵਾ ਦੇਣਗੇ |