ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ ਪੂਰੇ ਪੰਜਾਬ ਦੇ 2004 ਤੋਂ ਬਾਅਦ ਭਰਤੀ ਐਨ. ਪੀ. ਐਸ. ਕਰਮਚਾਰੀਆਂ ਨੇ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਲੰਬੇ ਸਮੇਂ ਤੋਂ ਇਸ ਮੁੱਦੇ 'ਤੇ ਸੰਘਰਸ਼ ਕਰ ਰਹੀਆਂ ਤਿੰਨ ਜਥੇਬੰਦੀਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਸੀ. ਪੀ. ਐਫ. ਕਰਮਚਾਰੀ ਯੂਨੀਅਨ ਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਆਗੂਆਂ ਜਸਵੀਰ ਤਲਵਾੜਾ, ਸੰਜੀਵ ਧੂਤ, ਨਿਤਿਨ ਮਹਿਰਾ, ਬਲਵੀਰ ਬਡੇਸਰੋਂ ਨੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਦੇ ਬੈਨਰ ਹੇਠ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ | ਇਸ ਸੰਬੰਧੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਆਪਣੇ ਚੋਣ ਵਾਅਦੇ ਤੋਂ ਮੁਨਕਰ ਹੋ ਗਈ ਹੈ ਤੇ ਚਾਰ ਸਾਲ ਬੀਤ ਜਾਣ ਬਾਅਦ ਵੀ ਆਪਣਾ ਹੀ ਪੁਰਾਣੀ ਪੈਨਸ਼ਨ ਬਹਾਲੀ ਦਾ 18 ਨਵੰਬਰ 2022 ਦਾ ਨੋਟੀਫ਼ਿਕੇਸ਼ਨ ਲਾਗੂ ਕਰਨਾ ਭੁੱਲ ਗਈ ਹੈ | ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਰੋਸ ਵਜੋਂ ਮੰਚ ਨੇ ਫ਼ੈਸਲਾ ਕੀਤਾ ਹੈ ਕਿ 28 ਮਈ ਨੂੰ ਪੰਜਾਬ ਸਰਕਾਰ ਦੇ ਨਾਲ ਮੱਝ ਦੇ ਬੈਨਰ ਅੱਗੇ ਵੀਨ ਵਜਾਉਣਗੇ ਕਿਉਂਕਿ ਸਰਕਾਰ ਹੁਣ ਮੁਲਾਜ਼ਮ ਮੰਗਾਂ ਨੂੰ ਅਣਗੌਲਿਆ ਤੇ ਲਗਾਤਾਰ ਅਣਡਿੱਠ ਕਰ ਰਹੀ ਹੈ | 4 ਜੁਲਾਈ ਨੂੰ ਮੋਗਾ ਵਿਖੇ ਕਨਵੈਨਸ਼ਨ ਕੀਤੀ ਜਾਵੇਗੀ ਤੇ ਇਸ ਕਨਵੈਨਸ਼ਨ 'ਚ ਮੁੱਖ-ਮੰਤਰੀ ਤੇ ਵਿੱਤ-ਮੰਤਰੀ ਨੂੰ ਵਿਸ਼ੇਸ਼ ਸੱਦਾ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਕੁਰਸੀਆਂ ਵੀ ਲਗਾਈਆਂ ਜਾਣਗੀਆਂ ਤਾਂ ਕਿ ਉਹ ਮੁਲਾਜ਼ਮਾਂ ਦੇ ਭਖਦੇ ਮਸਲਿਆਂ ਤੇ ਆਪਣੇ ਵਿਚਾਰ ਸਾਂਝੇ ਕਰਨ ਜੇਕਰ ਮੁੱਖਮੰਤਰੀ ਇਸ ਕਨਵੈੱਨਸ਼ਨ 'ਚ ਨਾ ਆਏ ਤਾਂ 23 ਅਗਸਤ ਨੂੰ ਪਿੰਡ ਸਤੌਜ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵਲੋਂ ਮਹਾਰੈਲੀ ਕੀਤੀ ਜਾਵੇਗੀ | ਇਸ ਮੌਕੇ ਸੀਨੀਅਰ ਆਗੂ ਸੁਨੀਲ ਸ਼ਰਮਾ, ਪਿ੍ਤਪਾਲ ਪਾਲ ਸਿੰਘ ਚੌਟਾਲਾ, ਤਿਲਕ ਰਾਜ, ਲੈਕਚਰਾਰ ਅਮਰ ਸਿੰਘ, ਵਰਿੰਦਰ ਵਿਕੀ, ਰਜਤ ਮਹਾਜਨ, ਪਿ੍ੰਸ ਗੜ੍ਹਦੀਵਾਲ, ਸਚਿਨ ਕੁਮਾਰ, ਕਰਮਜੀਤ ਸਿੰਘ, ਜਗਵਿੰਦਰ ਸਿੰਘ, ਸਰਬਜੀਤ ਸਿੰਘ, ਵਿਕਾਸ ਸ਼ਰਮਾ, ਦਵਿੰਦਰ ਹੁਸ਼ਿਆਰਪੁਰ, ਸਤੀਸ਼ ਕੁਮਾਰ, ਪਰਮਜੀਤ ਸਿੰਘ, ਸਚਿਨ ਕੁਮਾਰ, ਨਰਿੰਦਰ ਅਜਨੋਹਾ, ਰਜੇਸ਼ ਅਰੋੜਾ, ਰਣਵੀਰ ਸਿੰਘ, ਗੁਰਵਿੰਦਰ ਜੱਜ ਆਦਿ ਹਾਜ਼ਰ ਸਨ |
ਐਨ. ਪੀ. ਐੱਸ. ਮੁਲਾਜ਼ਮਾਂ ਵਲੋਂ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਸ਼ੁਰੂ
ਅਜੀਤ ਡੈਸਕ
25-05-2026