ਹੁਸ਼ਿਆਰਪੁਰ, 24 ਮਈ (ਨਰਿੰਦਰ ਸਿੰਘ ਬੱਡਲਾ)-ਕਿਸਾਨ ਆਗੂ ਨੰਬਰਦਾਰ ਭੁਪਿੰਦਰ ਸਿੰਘ ਹੇੜੀਆਂ, ਮਾ: ਭੁਪਿੰਦਰ ਸਿੰਘ ਹੁੱਕੜਾਂ ਤੇ ਪਰਮਜੀਤ ਸਿੰਘ ਸ਼ਿੰਦਾ ਵਲੋਂ ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਹੁਸ਼ਿਆਰਪੁਰ ਇੰਜ: ਹਰਮਿੰਦਰ ਸਿੰਘ ਰੱਤੂ ਦਾ ਅਹੁਦਾ ਸੰਭਾਲਣ 'ਤੇ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਹਾੜੀ ਦੇ ਸੀਜ਼ਨ 'ਚ ਬਿਜਲੀ ਸੰਬੰਧੀ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਬੇਸ਼ੱਕ ਪਾਵਰਕਾਮ ਵਲੋਂ ਬਿਜਲੀ ਦੀ ਸਪਲਾਈ ਦਿਨ ਸਮੇਂ ਦਿੱਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਵੱਧ ਰਹੀ ਗਰਮੀ ਤੇ ਸਮੇਂ ਦੀ ਘਾਟ ਕਾਰਨ ਕਿਸਾਨਾਂ ਦੀ ਮੰਗ ਪੂਰੀ ਨਹੀਂ ਹੋ ਰਹੀ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਆਉਣ ਵਾਲੇ ਸਮੇਂ 'ਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਕਿਸਾਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਈ ਜਾਵੇ | ਇਸ ਮੌਕੇ ਇੰਜ: ਹਰਮਿੰਦਰ ਸਿੰਘ ਰੱਤੂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਝੋਨੇ ਦੇ ਸੀਜ਼ਨ 'ਚ ਨਿਰੰਤਰ ਬਿਜਲੀ ਦੀ ਸਪਲਾਈ ਦੇਣ ਲਈ ਪੁਖ਼ਤਾ ਪ੍ਰਧਾਨ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਨ |