ਮੁਕੇਰੀਆਂ, 24 ਮਈ (ਰਾਮਗੜ੍ਹੀਆ)-ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਗਤੀਵਿਧੀਆਂ ਲਗਾਤਾਰ ਤੇਜ਼ ਹੋ ਰਹੀਆਂ ਹਨ | ਇਸ ਸੰਦਰਭ 'ਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪ੍ਰਚਾਰ ਦੇ ਆਖ਼ਰੀ ਦਿਨ ਵਾਰਡ ਨੰਬਰ 10 ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਮਨ ਡੋਗਰਾ ਦੇ ਸਮਰਥਨ 'ਚ ਪ੍ਰਚਾਰ ਕੀਤਾ | ਇਸ ਦੌਰਾਨ ਉਨ੍ਹਾਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ | ਚੋਣ ਪ੍ਰਚਾਰ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੋਮ ਪ੍ਰਕਾਸ਼ ਨੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ | ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਸਰਕਾਰ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਅਸਫਲ ਰਹੀ ਹੈ ਅਤੇ ਸੂਬੇ ਦੇ ਲੋਕ ਮਹਿੰਗਾਈ, ਬੇਰੁਜ਼ਗਾਰੀ ਤੇ ਕਾਨੂੰਨ ਵਿਵਸਥਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕ ਹੁਣ ਬਦਲਾਅ ਚਾਹੁੰਦੇ ਹਨ ਤੇ ਨਗਰ ਕੌਂਸਲ ਚੋਣਾਂ ਵਿਚ ਭਾਜਪਾ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ | ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਅਤੇ ਇਲਾਕੇ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਭਾਜਪਾ ਉਮੀਦਵਾਰ ਰਮਨ ਡੋਗਰਾ ਨੂੰ ਜੇਤੂ ਬਣਾਉਣ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੈ ਕੌਸ਼ਲ ਸੇਠੂ, ਜਨਰਲ ਸਕੱਤਰ ਰਘੂਨਾਥ ਸਿੰਘ ਰਾਣਾ, ਸੂਬਾ ਕਾਰਜਕਾਰਨੀ ਮੈਂਬਰ ਸੰਦੀਪ ਮਿਨਹਾਸ, ਰਜਿੰਦਰ ਸਿੰਘ ਛੋਟੂ, ਮੰਡਲ ਪ੍ਰਧਾਨ ਸੁਨੀਲ ਕੁਮਾਰ ਡਿੰਪੀ, ਮੰਡਲ ਪ੍ਰਧਾਨ ਕੁਲਤਾਰ ਸਿੰਘ ਹੈਪੀ, ਕੰਵਰ ਰਾਕੇਸ਼ ਸਿੰਘ, ਪਰਮਿੰਦਰ ਮਹਾਜਨ, ਮਦਨ ਲਾਲ ਨੰਗਲੂ, ਨਰਿੰਦਰ ਸਿੰਘ ਮੱਲੀ, ਕੈਪਟਨ ਰਣਜੀਤ ਸਿੰਘ ਅਤੇ ਹੋਰ ਭਾਜਪਾ ਆਗੂ, ਮਨਜੀਤ ਸਿੰਘ ਆਦਿ ਹਾਜ਼ਰ ਸਨ |