ਟਾਂਡਾ ਉੜਮੁੜ, 24 ਮਈ (ਦੀਪਕ ਬਹਿਲ)-ਨਗਰ ਕੌਂਸਲ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਵੇਗੀ ਤੇ ਇਨ੍ਹਾਂ ਚੋਣਾਂ ਲਈ ਲੋਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਸੀਨੀਅਰ ਅਕਾਲੀ ਆਗੂ ਸਤਪਾਲ ਸਿੰਘ ਮੁਲਤਾਨੀ, ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਮੋਮੀ ਨੇ ਵਾਰਡ ਨੰਬਰ ਚਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੰਜੀਵ ਕੁਮਾਰ ਤੇ ਹੱਕ ਵਿਚ ਟਾਂਡਾ ਸ਼ਹਿਰ ਵਿਖੇ ਹੋਏ ਚੋਣ ਜਲਸੇ ਨੂੰ ਸੰਬੋਧਨ ਕਰਨ ਸਮੇਂ ਕੀਤਾ | ਉਕਤ ਅਕਾਲੀ ਆਗੂਆਂ ਨੇ ਕਿਹਾ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਨਗਰ ਕੌਂਸਲ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ ਰਾਤ ਇਕ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲੱਖੀ ਤੇ ਅਕਾਲੀ ਆਗੂ ਸਤਪਾਲ ਮੁਲਤਾਨੀ ਨੇ ਹੋਰ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਤੋਂ ਸੂਬੇ ਦਾ ਹਰ ਇਕ ਵਰਗ ਪੂਰੀ ਤਰ੍ਹਾਂ ਦੁਖੀ ਹੈ ਤੇ ਇਸ ਸਰਕਾਰ ਤੋਂ ਖਹਿੜਾ ਛਡਾਉਣ ਲਈ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਦੀ ਉਡੀਕ ਬੇਸਬਰੀ ਨਾਲ ਕਰ ਰਹੇ ਹਨ | ਉਕਤ ਅਕਾਲੀ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਸੂਬਾ ਪੰਜਾਬ ਵਿਕਾਸ ਪੱਖੋਂ ਪੂਰੀ ਤਰ੍ਹਾਂ ਪੱਛੜ ਚੁੱਕਾ ਹੈ ਤੇ ਸਰਕਾਰ ਦੇ ਨੁਮਾਇੰਦਿਆਂ ਵਲੋਂ ਝੂਠਾ ਪ੍ਰਚਾਰ ਕਰਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਇਸ ਮੌਕੇ ਵਾਰਡ ਨੰਬਰ ਚਾਰ ਦੇ ਉਮੀਦਵਾਰ ਸੰਦੀਪ ਕੁਮਾਰ, ਸੰਦੀਪ ਸਿੰਘ ਟਾਂਡਾ, ਹਰਿੰਦਰ ਲਾਲ ਟਾਂਡਾ, ਬਲਵਿੰਦਰ ਟਾਂਡਾ, ਜੈਨ ਟਾਂਡਾ, ਸੰਧੂ ਟਾਂਡਾ, ਗੁਰਮੁਖ ਸਿੰਘ ਘੁੰਮਣ, ਜੋਨੀ ਮੁਲਤਾਨੀ ਤੋਂ ਇਲਾਵਾ ਅਕਾਲੀ ਦਲ ਦੇ ਹੋਰ ਵਰਕਰ ਦੀ ਹਾਜ਼ਰ ਸੀ |