27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

-ਗੜ੍ਹਸ਼ੰਕਰ ਨਗਰ ਕੌਂਸਲ ਚੋਣਾਂ- ਗ਼ਲੀਆਂ-ਨਾਲੀਆਂ ਦੇ ਵਿਕਾਸ ਤੋਂ ਉੱਪਰ ਨਹੀਂ ਉੱਠ ਸਕਿਆ ਸ਼ਹਿਰ ਗੜ੍ਹਸ਼ੰਕਰ!

Ad Position 21
No active advertisement
ਅਜੀਤ ਡੈਸਕ 25-05-2026
ਗੜ੍ਹਸ਼ੰਕਰ, 24 ਮਈ (ਧਾਲੀਵਾਲ)-ਭਲਕੇ ਹੋਣ ਜਾ ਰਹੀਆਂ ਨਗਰ ਕੌਂਸਲ ਗੜ੍ਹਸ਼ੰਕਰ ਦੀਆਂ ਚੋਣਾਂ ਨੂੰ ਲੈ ਕੇ ਆਜ਼ਾਦ ਤੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ 50 ਉਮੀਦਵਾਰ ਮੈਦਾਨ ਵਿਚ ਹਨ | ਹਰ ਉਮੀਦਵਾਰ ਵਲੋਂ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਵੋਟਰਾਂ ਤੱਕ ਪਹੁੰਚ ਕਰਨ ਦੇ ਨਾਲ ਨਾਲ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲੇ ਜਾ ਰਹੇ ਹਨ | ਜਿਥੋਂ ਤੱਕ ਗੜ੍ਹਸ਼ੰਕਰ ਸ਼ਹਿਰ ਦੇ ਵਿਕਾਸ ਦੀ ਗੱਲ ਹੈ, ਇਹ ਚੋਣ ਪਹਿਲਾਂ ਵਾਂਗ ਹੀ ਅਸਲ ਮੁੱਦਿਆਂ ਤੋਂ ਭਟਕੀ ਨਜ਼ਰ ਆ ਰਹੀ ਹੈ ਤੇ ਉਮੀਦਵਾਰਾਂ ਦਾ ਮਨਸ਼ਾ ਸਿਰਫ਼ ਤੇ ਸਿਰਫ਼ ਜਿੱਤ ਤੱਕ ਸੀਮਤ ਲੱਗਦੀ ਹੈ | ਲੋਕਾਂ ਨੂੰ ਸਿਰਫ਼ ਤੇ ਸਿਰਫ਼ ਗ਼ਲੀਆਂ-ਨਾਲੀਆਂ ਦੇ ਵਿਕਾਸ ਤੱਕ ਸੀਮਤ ਰੱਖਿਆ ਜਾ ਰਿਹਾ ਹੈ ਤੇ ਹਾਲਤਾਂ ਮੁਤਾਬਿਕ ਮੌਜੂਦਾ ਸਮੇਂ ਵਿਚ ਗੜ੍ਹਸ਼ੰਕਰ ਸ਼ਹਿਰ ਵਿਕਾਸ ਪੱਖੋਂ ਗਲੀਆਂ ਨਾਲੀਆਂ ਤੋਂ ਉੱਪਰ ਨਹੀਂ ਉੱਠ ਰਿਹਾ | ਜੇਕਰ ਸ਼ਹਿਰ ਦਾ ਵਿਕਾਸ ਪੱਖੋਂ ਨਜ਼ਾਰਾ ਦੇਖਣਾ ਹੋਵੇ ਤਾਂ ਸ਼ਹਿਰ ਦੇ ਇਕ ਕੋਨੇ ਤੋਂ ਚੱਲ ਕੇ ਦੂਜੇ ਕੋਨੇ ਤੱਕ ਜਾਣ ਨਾਲ ਹੀ ਸ਼ਹਿਰ ਦੇ ਵਿਕਾਸ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ | ਜੇਕਰ ਗਲੀਆਂ-ਨਾਲੀਆਂ ਦੀ ਹੀ ਗੱਲ ਕਰੀਏ ਤਾਂ ਸ਼ਹਿਰ ਦੇ ਕਈ ਵਾਰਡ ਅਜਿਹੇ ਵੀ ਹਨ ਜਿਥੇ ਹਾਲੇ ਵੀ ਗਲੀਆਂ 'ਚ ਘੁੰਮ ਰਿਹਾ ਗੰਦਾ ਪਾਣੀ ਸ਼ਹਿਰ ਦੀ ਤਸਵੀਰ ਨੂੰ ਪੇਸ਼ ਕਰ ਰਿਹਾ ਹੈ | ਸ਼ਹਿਰ 'ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਤੋਂ ਸ਼ਹਿਰ ਵਾਸੀਆਂ ਨੂੰ ਹਾਲੇ ਤਾਈਾ ਮੁਕਤੀ ਨਹੀਂ ਮਿਲੀ | ਸਰਕਾਰ ਦੀ 'ਨਸ਼ਾ ਮੁਕਤ ਪੰਜਾਬ' ਮੁਹਿੰਮ ਦੀ ਫ਼ੂਕ ਸਥਾਨਕ ਸ਼ਹਿਰ 'ਚ ਹੀ ਨਿਕਲ ਰਹੀ ਹੈ | ਸ਼ਹਿਰ ਵਾਸੀਆਂ ਲਈ ਚੰਗੀਆਂ ਪਾਰਕਾਂ ਤੇ ਖੇਡ ਮੈਦਾਨ ਹਾਲੇ ਵੀ ਸੁਪਨਾ ਹੀ ਜਾਪ ਰਿਹਾ ਹੈ | ਪੀਣ ਵਾਲੇ ਸਾਫ਼ ਪਾਣੀ ਦੀ ਕਿੱਲਤ ਸਮੇਤ ਅਨੇਕਾਂ ਸਮੱਸਿਆਵਾਂ ਪਿਛਲੇ ਕਈ ਸਾਲਾਂ ਤੋਂ ਲੋਕਾਂ ਦਾ ਪਿੱਛਾ ਨਹੀਂ ਛੱਡ ਰਹੀਆਂ ਹਨ | ਭਾਵੇਂ ਕਿ ਸਰਕਾਰ ਸੱਤਾਧਾਰੀ ਧਿਰ ਵਲੋਂ ਗੜ੍ਹਸ਼ੰਕਰ ਸ਼ਹਿਰ ਦੇ ਵਿਕਾਸ ਲਈ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਫ਼ਿਲਹਾਲ ਇਨ੍ਹਾਂ ਚੋਣਾਂ 'ਚ ਜਿੱਤ ਲਈ ਪੰਜਾਬ ਸਰਕਾਰ ਦੀਆਂ ਮੁਫ਼ਤ ਬਿਜਲੀ ਤੇ ਕੁੱਝ ਹੋਰ ਸਕੀਮਾਂ ਦਾ ਸਹਾਰਾ ਲੈ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ | ਵਿਰੋਧੀ ਪਾਰਟੀਆਂ ਵਲੋਂ ਜਿਥੇ ਸੱਤਾਧਾਰੀ ਧਿਰ 'ਤੇ ਨਗਰ ਕੌਂਸਲ ਚੋਣਾਂ 'ਚ ਧੱਕੇਸ਼ਾਹੀ ਦੇ ਲਗਾਤਾਰ ਦੋਸ਼ ਲਗਾਏ ਜਾ ਰਹੇ ਹਨ, ਉਥੇ ਸਰਕਾਰ ਨੂੰ ਵਿਕਾਸ ਪੱਖੋਂ ਘੇਰਦੇ ਹੋਏ ਲੋਕਾਂ ਨੂੰ ਉਨ੍ਹਾਂ ਦੇ ਵਾਰਡਾਂ ਦੀ ਮੌਜੂਦਾ ਹਾਲਤ ਵੱਲ ਧਿਆਨ ਮਾਰਨ ਸਮੇਤ ਸ਼ਹਿਰ ਵਿਚ ਬਾਈਪਾਸ ਬਣਾਉਣ, ਸੀਵਰੇਜ ਪਾਉਣ ਤੇ ਸ਼ਹਿਰ ਵਿਚੋਂ ਚੱਲ ਰਹੇ ਓਵਰਲੋਡ ਟਿੱਪਰਾਂ ਦੇ ਮਾਮਲੇ 'ਚ ਸੱਤਾਧਾਰੀਆਂ ਨੂੰ ਜੰਮ ਕੇ ਘੇਰਿਆ ਜਾ ਰਿਹਾ ਹੈ | ਇਨ੍ਹਾਂ ਚੋਣਾਂ 'ਚ ਬੱਸ ਸੱਤਾਧਾਰੀਆਂ ਵਲੋਂ 'ਅਸੀਂ ਸ਼ਹਿਰ 'ਚ ਕਰੋੜਾਂ ਦਾ ਵਿਕਾਸ ਕਰਵਾਇਆ' ਅਤੇ ਵਿਰੋਧੀਆਂ ਵਲੋਂ 'ਆਪ ਸਰਕਾਰ ਨੇ ਸ਼ਹਿਰ ਦੇ ਵਿਕਾਸ ਲਈ ਧੇਲਾ ਨਹੀਂ ਖ਼ਰਚਿਆ' ਦੇ ਵਿਚਾਰ ਹੀ ਸੁਣਨ ਨੂੰ ਮਿਲੇ ਹਨ ਤੇ ਅੱਗੇ ਹਰ ਕਿਸੇ ਵਲੋਂ ਸ਼ਹਿਰ ਦੇ ਵਿਕਾਸ ਦਾ ਵਾਸਤਾ ਦਿੰਦਿਆਂ ਵੋਟ ਮੰਗੀ ਜਾ ਰਹੀ ਹੈ | ਗੜ੍ਹਸ਼ੰਕਰ ਸ਼ਹਿਰ 'ਚ ਇਹ ਪਹਿਲਾ ਤੋਂ ਹੀ ਰੁਝਾਨ ਰਿਹਾ ਹੈ ਕਿ ਇਥੇ ਹਰ ਉਮੀਦਵਾਰ ਆਜ਼ਾਦ ਚੋਣ ਲੜਨ ਨੂੰ ਤਰਜੀਹ ਦਿੰਦਾ ਹੈ | ਨਗਰ ਕੌਂਸਲ ਦੀ ਚੋਣ ਸਮੇਂ ਸੱਤਾਧਾਰੀ ਧਿਰ ਨੂੰ ਭਾਵੇਂ ਬਾਕੀਆਂ ਨਾਲੋਂ ਉਮੀਦਵਾਰ ਸੁਖਾਲੇ ਮਿਲ ਜਾਂਦੇ ਹਨ ਪਰ ਪਾਰਟੀ ਦੇ ਚੋਣ ਨਿਸ਼ਾਨ 'ਤੇ ਉਮੀਦਵਾਰ ਲੜਾਉਣ ਦੀ ਹਰ ਪਾਰਟੀ ਨੂੰ ਸਮੱਸਿਆ ਆਉਂਦੀ ਹੈ | ਇਸ ਵਾਰ ਵੀ ਆਜ਼ਾਦ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਸੱਤਾਧਾਰੀ ਧਿਰ ਦੇ ਨਿਸ਼ਾਨ 'ਤੇ ਚੋਣ ਲੜਨੀ ਪੈ ਰਹੀ ਹੈ ਤੇ ਕੁੱਝ ਅਜਿਹੇ ਮਾਹੌਲ ਕਰਕੇ ਚੋਣ ਮੈਦਾਨ 'ਚੋਂ ਖ਼ੁਦ ਹੀ ਦੂਰ ਹੋ ਗਏ ਤੇ ਕੁੱਝ ਕੁ ਨੂੰ ਸ਼ਹਿਰ ਦੀ ਸਿਆਸਤ ਤੋਂ ਲਾਂਭੇ ਕਰ ਘਰ ਬੈਠਣ ਲਈ ਮਜਬੂਰ ਕਰਨ ਦੀਆਂ ਚਰਚਾਵਾਂ ਸਿਖਰ 'ਤੇ ਹਨ | ਓਧਰ ਵਿਰੋਧੀ ਪਾਰਟੀਆਂ ਵੀ ਹਰ ਵਾਰਡ 'ਚੋਂ ਉਮੀਦਵਾਰ ਖੜ੍ਹੇ ਕਰਨ ਵਿਚ ਅਸਫਲ ਰਹੀਆਂ ਹਨ | ਚੋਣ ਨਤੀਜੇ ਕੁੱਝ ਵੀ ਹੋਣ ਪਰ ਸ਼ਹਿਰ ਦੇ ਕੌਂਸਲਰਾਂ ਬਾਰੇ ਇਹ ਵੀ ਚਰਚਾ ਹੈ ਕਿ ਜਿੱਤ ਤੋਂ ਬਾਅਦ ਕਈ ਕੌਂਸਲਰ ਹਰ ਵਾਰ ਸਿਆਸੀ ਰੰਗ ਬਦਲ ਜਾਂਦੇ ਹਨ ਭਾਵ ਜਿੱਤ ਤੋਂ ਬਾਅਦ ਸੱਤਾਧਾਰੀ ਧਿਰ 'ਚ ਸ਼ਾਮਿਲ ਹੋ ਜਾਂਦੇ ਹਨ | ਵਿਧਾਨ ਸਭਾ ਚੋਣਾਂ ਸਮੇਂ 'ਚ ਕੌਂਸਲਰਾਂ ਦੀ ਦਲ ਬਦਲੀ ਹਰ ਵਾਰ ਵੇਖਣ ਨੂੰ ਮਿਲਦੀ ਹੈ | ਵਿਕਾਸ ਪੱਖੋਂ ਭਾਵੇਂ ਸ਼ਹਿਰ ਦੇ ਹਾਲਾਤ ਕੁੱਝ ਵੀ ਰਹਿਣ ਪਰ ਹਰ ਵਾਰ ਦੀ ਤਰ੍ਹਾਂ ਇਨ੍ਹਾਂ ਚੋਣਾਂ 'ਚ ਹਾਲਾਤ ਸੱਤਾਧਾਰੀ ਧਿਰ ਦੇ ਪੱਖ ਵਿਚ ਰਹਿਣ ਦੇ ਆਸਾਰ ਹਨ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦਸੂਹਾ ਵਿਖੇ ਐਨ. ਐਸ. ਐਸ. ਯੂਨਿਟ ਵਲੋਂ ਸਮਾਗਮ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਲੱਖੀ ਵਲੋਂ ਵਾਰਡ ਨੰ. 14 ਦੇ ਉਮੀਦਵਾਰ ਲਈ ਚੋਣ ਪ੍ਰਚਾਰ
Ad Position 24