ਨੰਗਲ ਬਿਹਾਲਾਂ, 24 ਮਈ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਬੰਬੋਵਾਲ ਵਿਖੇ ਬੀਤੇ ਦਿਨ ਸ਼ਹਿਦ ਦੀਆਂ ਮੱਖੀਆਂ ਪਾਲਣ ਕਰਨ ਵਾਲੇ ਤੇ ਸਰਜੀਵਨ ਐਂਡ ਕੰਪਨੀ ਦੇ ਐਮ. ਡੀ. ਠਾਕੁਰ ਸਰਜੀਵਨ ਸਿੰਘ ਦੀ ਅਗਵਾਈ ਹੇਠ ਮਧੂ ਮੱਖੀ ਦਿਵਸ ਸੰਬੰਧੀ ਸਮਾਗਮ ਕਰਵਾਇਆ | ਇਸ ਸੰਬੰਧੀ ਠਾਕੁਰ ਸਰਜੀਵਨ ਸਿੰਘ ਚਿੱਬ ਨੇ ਦੱਸਿਆ ਕਿ ਹਰ ਸਾਲ 20 ਮਈ ਨੂੰ ਵਿਸ਼ਵ ਮਧੂ ਮੱਖੀ ਦਿਵਸ ਮਨਾਇਆ ਜਾਂਦਾ ਹੈ | ਇਹ ਇਕ ਪੁਰੇ ਤੇ ਸਹਾਇਕ ਧੰਦੇ ਵਜੋਂ ਪੁਰੀ ਦੁਨੀਆ 'ਚ ਫੈਲਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਸ਼ਹਿਦ ਦੀਆਂ ਮੱਖੀਆਂ ਵਲੋਂ ਤਿਆਰ ਕੀਤੇ ਗਏ ਸ਼ਹਿਦ ਨੂੰ ਭੁਰੀ ਕ੍ਰਾਂਤੀ ਵਜੋਂ ਵੀ ਜਾਣਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਮਧੂ ਮੱਖੀਆਂ ਕਿ੍ਸਾਨੀ ਪ੍ਰਕਿਰਿਆ 'ਚ ਸਾਡੀ ਬਹੁਤ ਮਦਦ ਕਰਦੀਆਂ ਹਨ, ਜਿਸ ਨਾਲ ਫ਼ਸਲਾਂ ਦੀ ਪੈਦਾਵਾਰ 'ਚ ਵਾਧਾ ਹੁੰਦਾ ਹੈ | ਸ਼ਹਿਦ ਦੀਆਂ ਮੱਖੀਆਂ ਵਲੋਂ ਤਿਆਰ ਕੀਤਾ ਸ਼ਹਿਦ ਸਿਹਤ ਲਈ ਅਮਿ੍ਤ ਮੰਨਿਆ ਗਿਆ ਹੈ | ਸ਼ਹਿਦ ਦਾ ਇਸਤੇਮਾਲ ਕਈ ਜੀਵਨ ਰੱਖਿਅਕ ਦਵਾਈਆਂ 'ਚ ਕੀਤਾ ਜਾਂਦਾ ਹੈ | ਸ਼ਹਿਦ ਦੀਆਂ ਮੱਖੀਆਂ ਤੋਂ ਸਾਨੂੰ ਬੇਹੱਦ ਕੀਮਤੀ ਰਾਇਲ ਜੈਲੀ, ਮੋਮ, ਬੀ. ਪੋਲਨ (ਪਰਾਗ), ਬੀ. ਵੈਕਸ ਤੇ ਪ੍ਰੋਪੋਲਿਸ ਵਰਗੇ ਕੀਮਤੀ ਪਦਾਰਥ ਮਿਲਦੇ ਹਨ | ਇਹ ਇਕ ਕਿੱਤਾ ਜ਼ਿਆਦਾ ਲੋਕਾਂ ਲਈ ਰੋਜ਼ਗਾਰ ਦੇ ਸਾਧਨ ਵਜੋਂ ਵੀ ਜਾਣਿਆ ਜਾਂਦਾ ਹੈ |