ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਵਲੋਂ ਕੌਮੀ ਡੇਂਗੂ ਡੇਅ ਨੂੰ ਸਮਰਪਿਤ ਜਾਗਰੂਕਤਾ ਰੈਲੀ ਕੱਢੀ ਗਈ | ਇਸ ਦੌਰਾਨ ਵਿਦਿਆਰਥੀਆਂ ਨੇ ਡੇਂਗੂ ਦੇ ਕਾਰਨਾਂ, ਲੱਛਣਾਂ ਤੇ ਰੋਕਥਾਮ ਸੰਬੰਧੀ ਜਾਣਕਾਰੀ ਭਰਪੂਰ ਜਾਗਰੂਕਤਾ ਪੋਸਟਰ ਬਣਾਏ ਅਤੇ ਇਸ ਨੂੰ ਕਿਵੇਂ ਰੋਕਿਆ ਜਾਵੇ, ਇਸ ਬਾਰੇ ਸੁਚੇਤ ਕੀਤਾ | ਸਕੂਲ ਡਾਇਰੈਕਟਰ ਉਰਮਿਲ ਸੂਦ ਨੇ ਰੈਲੀ ਰਵਾਨਾ ਕਰਨ ਮੌਕੇ ਦੱਸਿਆ ਕਿ ਡੇਂਗੂ ਪੂਰੀ ਦੁਨੀਆਂ 'ਚ ਪਾਇਆ ਜਾਣ ਵਾਲਾ ਇਕ ਖ਼ਤਰਨਾਕ ਵਾਇਰਲ ਬੁਖ਼ਾਰ ਹੈ, ਜੋ ਸੰਕਰਮਿਤ ਮਾਦਾ ਏਡੀਜ਼ ਏਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ | ਇਸ ਦੇ ਮੁੱਖ ਲੱਛਣ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਤੇ ਜੋੜਾਂ 'ਚ ਤੇਜ਼ ਦਰਦ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਉਲਟੀਆਂ, ਦਸਤ ਅਤੇ ਚਮੜੀ 'ਤੇ ਲਾਲ ਧੱਫੜ ਆਦਿ ਹਨ | ਇਸ ਤੋਂ ਬਚਣ ਦਾ ਸਭ ਤੋਂ ਵੱਡਾ ਹਥਿਆਰ ਆਲੇ-ਦੁਆਲੇ ਦੀ ਸਫ਼ਾਈ ਹੀ ਹੈ | ਕੂਲਰਾਂ, ਗਮਲਿਆਂ ਆਦਿ 'ਚ ਪਾਣੀ ਰੋਜ਼ਾਨਾ ਬਦਲਦੇ ਰਹੋ | ਜੇਕਰ ਪਾਣੀ ਦੀ ਲੋੜ ਨਹੀਂ ਹੈ ਤਾਂ ਕੂਲਰ ਆਦਿ ਨੂੰ ਖਾਲੀ ਕਰਕੇ ਸੁਕਾ ਲਓ | ਇਸ ਤੋਂ ਇਲਾਵਾ, ਜੇਕਰ ਤੁਹਾਨੂੰ ਬੁਖ਼ਾਰ ਹੈ ਤਾਂ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰੋ |