ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)-ਵਿਸ਼ਵ ਮਿਊਜ਼ੀਅਮ ਦਿਵਸ ਮੌਕੇ 'ਤੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਹਿਲਪੁਰ 'ਚ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ | ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥੀਆਂ ਨੂੰ ਇਤਿਹਾਸ, ਸਭਿਆਚਾਰ ਅਤੇ ਸਾਡੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਦੇ ਮਹੱਤਵ ਪ੍ਰਤੀ ਜਾਗਰੂਕ ਕਰਨਾ ਸੀ | ਪ੍ਰੋਗਰਾਮ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਵੱਖ-ਵੱਖ ਪ੍ਰਾਚੀਨ ਤੇ ਵਿਲੱਖਣ ਵਸਤੂਆਂ ਦਾ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਵਲੋਂ ਪੁਰਾਣੀਆਂ ਮੁਦਰਾਵਾਂ, ਮਿੱਟੀ ਦੇ ਬਰਤਨ, ਰੇਡੀਓ, ਕੈਮਰੇ ਤੇ ਪਰੰਪਰਾਗਤ ਘਰੇਲੂ ਵਰਤੋਂ ਦੀਆਂ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ, ਜਿਨ੍ਹਾਂ ਨੂੰ ਦੇਖ ਕੇ ਸਭ ਨੇ ਖੂਬ ਸ਼ਲਾਘਾ ਕੀਤੀ | ਇਸ ਮੌਕੇ ਸਕੂਲ ਪਿ੍ੰਸੀਪਲ ਮੇਧਾ ਵਸ਼ਿਸ਼ਠ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮਿਊਜ਼ੀਅਮਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਸਭ ਨੂੰ ਆਪਣੀ ਸਮਿ੍ੱਧ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਉਸ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ |