ਗੜ੍ਹਸ਼ੰਕਰ, 25 ਮਈ (ਧਾਲੀਵਾਲ)-ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਦੋਖੀ ਨੀਤੀਆਂ ਅਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਅਪਣਾਏ ਗ਼ੈਰ ਜ਼ਿੰਮੇਵਾਰਾਨਾ ਵਤੀਰੇ ਵਿਰੁੱਧ ਪੰਜਾਬ ਅਤੇ ਪੈਨਸ਼ਨਰ ਸਾਂਝਾ ਫਰੰਟ ਵਲੋਂ ਸਮੁੱਚੇ ਪੰਜਾਬ ਵਿਚ ਨਗਰ ਕੌਂਸਲ ਚੋਣਾਂ ਵਾਲੇ ਸ਼ਹਿਰਾਂ ਵਿਚ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਦੀ ਕੜੀ ਵਿਚ ਗੜ੍ਹਸ਼ੰਕਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਮੱਖਣ ਸਿੰਘ ਵਾਹਿਦਪੁਰੀ, ਸਤਪਾਲ ਮਿਨਹਾਸ, ਬਲਵੰਤ ਰਾਮ, ਵਿਨੋਦ ਕੁਮਾਰ, ਪਵਨ ਕੁਮਾਰ ਗੜ੍ਹੀ ਤੇ ਬਲਵੀਰ ਖਾਨਪੁਰੀ ਦੀ ਅਗਵਾਈ ਵਿਚ ਗਾਂਧੀ ਪਾਰਕ ਵਿਖੇ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਰੋਸ ਮਾਰਚ ਕਰਦਿਆਂ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਦੋਖੀ ਨੀਤੀਆਂ ਵਿਰੁੱਧ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸ਼ਾਮ ਸੁੰਦਰ ਕਪੂਰ, ਜੀਤ ਸਿੰਘ ਬਗਵਾਈਾ, ਹਰਜਿੰਦਰ ਸੂੰਨੀ, ਗੁਰਨਾਮ ਹਾਜੀਪੁਰ ਤੇ ਨਰੇਸ਼ ਭੰਮੀਆਂ ਨੇ ਕਿਹਾ ਕਿ ਆਪ ਸਰਕਾਰ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਵਾਅਦੇ ਪੂਰੇ ਨਾ ਕਰਕੇ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵੱਡਾ ਧ੍ਰੋਹ ਕਮਾਇਆ ਹੈ | ਸੰਘਰਸ਼ਾਂ ਅਤੇ ਰੈਲੀਆਂ ਦੇ ਬਾਵਜੂਦ ਵੀ ਮੁੱਖ ਮੰਤਰੀ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਗੱਲ ਸੁਣਨ ਦੀ ਥਾਂ ਉਨ੍ਹਾਂ ਤੇ ਲਾਠੀਆਂ ਵਰ੍ਹਾਈਆਂ ਤੇ ਅ ੱਥਰੂ ਗੈਸ ਛੱਡਣ ਦੇ ਹੁਕਮ ਦਿੱਤੇ, ਜਿਸ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਸਰਕਾਰ ਪ੍ਰਤੀ ਗੁੱਸੇ ਵਿਚ ਭਾਰੀ ਵਾਧਾ ਹੋਇਆ ਹੈ | ਹਾਈਕੋਰਟ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀ.ਏ. ਜਾਰੀ ਕਰਨ ਦੇ ਹੁਕਮਾਂ ਵਿਚ ਸਰਕਾਰ ਅੜਿੱਕੇ ਡਾਹ ਰਹੀ ਹੈ | ਪੰਜਾਬ ਸਰਕਾਰ ਵਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਤਾਂ ਪੂਰਾ ਡੀ.ਏ. ਦਿੱਤਾ ਜਾ ਰਿਹਾ ਹੈ ਪਰ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ | ਸਰਕਾਰ ਵਲੋਂ ਪੈਨਸ਼ਨਰਾਂ ਉੱਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੀ ਨਹੀਂ ਕੀਤਾ ਗਿਆ | ਸਰਕਾਰ ਦੇ ਇਸ ਅਨਿਆਂ ਪੂਰਨ ਰਵੱਈਏ ਨੂੰ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਘਰ ਘਰ ਜਾ ਕੇ ਨੰਗਾਂ ਕਰਨਗੇ ਅਤੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨਗੇ | ਆਗੂਆਂ ਕਿਹਾ ਕਿ ਹਰ ਤਰ੍ਹਾਂ ਦੇ ਕੱਚੇ ਕਾਮੇ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਤੁਰੰਤ ਨਕਦ ਦਿੱਤਾ ਜਾਵੇ, ਡੀ.ਏ. ਦੇਣ ਸਬੰਧੀ ਕੋਰਟ ਦਾ ਫੈਸਲਾ ਤੁਰੰਤ ਲਾਗੂ ਕੀਤਾ ਜਾਵੇ, ਪੈਨਸ਼ਨਰਜ਼ 'ਤੇ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ, ਮਾਣ ਭੱਤਾ ਕਾਮਿਆਂ 'ਤੇ ਘੱਟੋ-ਘੱਟ ਉਜਰਤ ਲਾਗੂ ਕੀਤੀ ਜਾਵੇ, ਖਾਲੀ ਪੋਸਟਾਂ ਤੁਰੰਤ ਭਰੀਆਂ ਜਾਣ, ਮਹਿੰਗਾਈ ਨੂੰ ਨੱਥ ਪਾਈ ਜਾਵੇ, ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤ ਬਹਾਲ ਕੀਤੀ ਜਾਵੇ | ਇਸ ਮੌਕੇ ਰਾਜ ਕੁਮਾਰ, ਜਗਦੀਸ਼ ਪੱਖੋਵਾਲ, ਪਵਨ ਕੁਮਾਰ, ਰਮਨ ਕੁਮਾਰ, ਗੋਪੀ ਰਾਮ, ਹਰਭਜਨ ਸਿੰਘ, ਜਸਵਿੰਦਰ ਸਿੰਘ, ਹੰਸ ਰਾਜ, ਜੋਗਿੰਦਰ ਹੀਰ, ਗਿਆਨੀ ਅਵਤਾਰ ਸਿੰਘ, ਰਤਨ ਸਿੰਘ, ਸ਼ਿੰਗਾਰਾ ਰਾਮ, ਗੁਰਦੀਪ ਬੇਦੀ, ਗੁਰਨੀਤ ਸਿੰਘ, ਸਤਪਾਲ ਸਿੰਘ, ਜੋਗਿੰਦਰ ਢਾਹਾਂ, ਰਮੇਸ਼ ਕੁਮਾਰ, ਸਤਨਾਮ ਸਿੰਘ ਤੇ ਹੋਰ ਹਾਜ਼ਰ ਹੋਏ |