ਹੁਸ਼ਿਆਰਪੁਰ, 27 ਮਈ (ਬਲਜਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ 'ਚ ਤਿੰਨ ਦਿਨਾਂ ਸਮਰ ਫੀਏਸਟਾ-2026 ਦੀ ਸ਼ੁਰੂਆਤ ਕੀਤੀ ਗਈ | ਇਸ ਸਮਰ ਕੈਂਪ ਦਾ ਉਦਘਾਟਨ ਸਕੂਲ ਦੇ ਪਿ੍ੰਸੀਪਲ ਅਮਨ ਕੁਮਾਰ ਕੰਵਰ ਅਤੇ ਮਨਜਿੰਦਰ ਸਿੰਘ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵਿਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਸਮਰ ਕੈਂਪ ਵਿਚ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀ ਭਾਗ ਲੈ ਰਹੇ ਹਨ | ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਕਈ ਮਨੋਰੰਜਕ, ਰਚਨਾਤਮਿਕ ਅਤੇ ਸਰੀਰਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਹੈ | ਹਰ ਸਵੇਰ ਵਿਦਿਆਰਥੀਆਂ ਲਈ ਖੋ-ਖੋ, ਬਾਕਸਿੰਗ ਅਤੇ ਸਕੇਟਿੰਗ ਵਰਗੀਆਂ ਸਰੀਰਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮਕਸਦ ਵਿਦਿਆਰਥੀਆਂ ਨੂੰ ਤੰਦਰੁਸਤ, ਅਨੁਸ਼ਾਸਿਤ ਅਤੇ ਆਤਮਵਿਸ਼ਵਾਸੀ ਬਣਾਉਣਾ ਹੈ | ਇਸ ਤੋਂ ਇਲਾਵਾ ਕੁਕਿੰਗ ਐਕਟੀਵਿਟੀ, ਆਰਟ ਐਂਡ ਕਰਾਫ਼ਟ ਅਤੇ ਡਾਂਸ ਸੈਸ਼ਨ ਵੀ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਵਿਦਿਆਰਥੀ ਬੜੇ ਚਾਵ ਨਾਲ ਹਿੱਸਾ ਲੈ ਰਹੇ ਹਨ | ਇਸ ਸਾਲ ਕੈਂਪ ਵਿਚ ਖ਼ਾਸ ਆਕਰਸ਼ਨ ਵਜੋਂ ਪੂਲ ਪਾਰਟੀ ਅਤੇ ਕਰਾਫ਼ਟ ਗਤੀਵਿਧੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਇਸ ਮੌਕੇ ਪਿ੍ੰਸੀਪਲ ਅਮਨ ਕੁਮਾਰ ਕੰਵਰ ਨੇ ਕਿਹਾ ਕਿ ਇਸ ਸਮਰ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਸਿਖਲਾਈ, ਰਚਨਾਤਮਿਕਤਾ, ਤੰਦਰੁਸਤੀ ਅਤੇ ਮਨੋਰੰਜਨ ਦਾ ਸੰਤੁਲਿਤ ਮਾਹੌਲ ਪ੍ਰਦਾਨ ਕਰਨਾ ਹੈ |