ਹੁਸ਼ਿਆਰਪੁਰ, 31 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਪੰਜਾਬ ਸਰਕਾਰ ਵਲੋਂ ਆਊਟ ਸੋਰਸ, ਠੇਕਾ, ਡੇਲੀ ਵੇਜ਼ ਤੇ ਹੋਰ ਅਸਥਾਈ ਕਰਮਚਾਰੀਆਂ ਦੇ ਪੱਖ ਵਿਚ ਲਏ ਇਤਿਹਾਸਿਕ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕਦਮ ਹਜ਼ਾਰਾਂ ਮੁਲਾਜ਼ਮਾਂ ਦੇ ਸੁਰੱਖਿਅਤ ਭਵਿੱਖ ਦੀ ਗਵਾਹੀ ਭਰੇਗਾ | ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਇਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬਾ ਵਜ਼ਾਰਤ ਵਲੋਂ 65 ਹਜ਼ਾਰ ਤੋਂ ਵੱਧ ਆਊਟ ਸੋਰਸ, ਠੇਕਾ, ਡੇਲੀ ਵੇਜ਼ ਤੇ ਹੋਰ ਅਸਥਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਮੁੱਢ ਬੰਨਿ੍ਹਆ ਹੈ | ਉਨ੍ਹਾਂ ਕਿਹਾ ਕਿ ਠੇਕਾ ਆਧਾਰਿਤ ਮੁਲਾਜ਼ਮਾਂ ਦੀ ਚਿਰੋਕਲੀ ਮੰਗ ਸੀ ਕਿ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾਵੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜਿਹੇ 65 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਬਾਂਹ ਫੜੀ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੂਬਾ ਸਰਕਾਰ ਮੁਲਾਜ਼ਮ ਵਰਗ ਦੇ ਹਿਤਾਂ ਦੀ ਪਹਿਰੇਦਾਰ ਹੈ | ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਹੇਠ ਕੰਮ ਕਰ ਰਹੇ ਕਰਮਚਾਰੀਆਂ ਨੂੰ ਹੁਣ ਸਿੱਧੇ ਸਰਕਾਰੀ ਪ੍ਰਬੰਧ ਹੇਠ ਲਿਆਉਣ ਅਤੇ ਉਨ੍ਹਾਂ ਨੂੰ ਰੈਗੂਲਰ ਨੌਕਰੀਆਂ ਵੱਲ ਲਿਜਾਉਣ ਦੀ ਤਿਆਰੀ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਹੁਣ 65 ਹਜ਼ਾਰ ਤੋਂ ਵੱਧ ਕਰਮਚਾਰੀਆਂ ਦਾ ਸਿੱਧਾ ਰਾਬਤਾ ਸਰਕਾਰ ਨਾਲ ਹੋਵੇਗਾ ਤੇ ਇਕ ਵਾਰ ਸਰਕਾਰੀ ਸਿਸਟਮ ਦੇ ਘੇਰੇ ਵਿਚ ਆਉਣ ਨਾਲ ਉਨ੍ਹਾਂ ਨੂੰ ਪੱਜੇ ਮੁਲਾਜ਼ਮਾਂ ਵਾਂਗ ਵੱਖ-ਵੱਖ ਸਹੂਲਤਾਂ ਦਾ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਇਸ ਨਾਲ ਭਿ੍ਸ਼ਟਾਚਾਰ ਵਿਰੁੱਧ ਲੜਾਈ ਹੋਰ ਜ਼ਿਆਦਾ ਅਸਰਦਾਰ ਢੰਗ ਨਾਲ ਲੜੀ ਜਾਵੇਗੀ ਜਿਸ ਨਾਲ ਦੋਸ਼ੀਆਂ ਨੂੰ ਜਲਦੀ ਸਜ਼ਾ ਮਿਲ ਸਕੇਗੀ |