ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ 1 ਮਈ 2026 ਤੋਂ ਡੇਂਗੂ ਤੇ ਮਲੇਰੀਆ ਦੇ ਖਾਤਮੇ ਲਈ ਜ਼ਿਲ੍ਹਾ ਪੱਧਰੀ ਸਰਵੇਖਣ ਦੀ ਸ਼ੁਰੂਆਤ ਕੀਤੀ ਗਈ ਸੀ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਾਰਮੇਲਾਈਟ ਸੋਸ਼ਲ ਸਰਵਿਸਿਜ਼ ਦੇ ਕਰਮਚਾਰੀਆਂ, ਅੱਜੋਵਾਲ ਸਕੂਲ ਦੇ ਸਟਾਫ਼, ਰੈੱਡ ਕਰਾਸ ਟੀਮ ਤੇ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ | ਉਨ੍ਹਾਂ ਜ਼ਿਲ੍ਹਾ ਵਾਸੀਆਂ ਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਡੇਂਗੂ ਦੇ ਖ਼ਤਰੇ ਦੇ ਮੱਦੇਨਜ਼ਰ ਆਪਣੇ ਘਰਾਂ ਵਿਚ ਪਾਣੀ ਇਕੱਠਾ ਨਾ ਹੋਣ ਦੇਣ ਤੇ ਇਨ੍ਹਾਂ ਸਰਵੇਖਣ ਟੀਮਾਂ ਨੂੰ ਪੂਰਾ ਸਹਿਯੋਗ ਦੇਣ | ਇਸ ਮੁਹਿੰਮ ਦੇ ਤਹਿਤ ਰੈੱਡ ਕਰਾਸ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਲਗਪਗ ਸਾਰੀਆਂ ਗੈਰ-ਸਰਕਾਰੀ ਸੰਸਥਾਵਾਂ ਨੂੰ ਇਕ ਮੰਚ 'ਤੇ ਇਕੱਠਾ ਕੀਤਾ ਗਿਆ | ਇਸ ਦੌਰਾਨ 'ਕਾਰਮੇਲਾਈਟ ਸੋਸ਼ਲ ਸਰਵਿਸਿਜ਼, ਹੁਸ਼ਿਆਰਪੁਰ' ਦੇ ਕਰਮਚਾਰੀਆਂ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ ਅਤੇ ਪੂਰੇ ਇਕ ਮਹੀਨਾ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ 'ਚ ਘਰ-ਘਰ ਜਾ ਕੇ ਸਰਵੇਖਣ ਕੀਤਾ | ਆਗਾਮੀ ਡੇਂਗੂ ਦੇ ਖ਼ਤਰੇ ਨੂੰ ਮੁੱਖ ਰੱਖਦਿਆਂ, 'ਰੈੱਡ ਕਰਾਸ ਸਕੂਲ ਆਫ਼ ਵੋਕੇਸ਼ਨਲ ਲਰਨਿੰਗ' ਵਿਖੇ ਵੱਖ-ਵੱਖ ਵੋਕੇਸ਼ਨਲ ਕੋਰਸਾਂ ਦੀ ਪੜ੍ਹਾਈ ਕਰ ਰਹੀਆਂ 54 ਲੜਕੀਆਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅੱਜੋਵਾਲ ਦੇ ਹੈਲਥ ਕੇਅਰ ਕੋਰਸ ਦੇ 07 ਵਿਦਿਆਰਥੀਆਂ ਨੂੰ ਵੀ ਇਹ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ | ਇਹ ਵਿਦਿਆਰਥੀ ਆਪਣੇ ਵੋਕੇਸ਼ਨਲ ਟਰੇਨਰ ਨਰਿੰਦਰ ਕੌਰ ਦੀ ਅਗਵਾਈ ਹੇਠ ਟਰੇਨਿੰਗ ਵਿਚ ਸ਼ਾਮਲ ਹੋਏ | ਸਿਵਲ ਹਸਪਤਾਲ ਦੇ ਮਾਹਿਰ ਐਪੀਡੈਮੀਓਲੋਜਿਸਟ ਡਾ. ਜਗਦੀਪ ਵਲੋਂ ਇਨ੍ਹਾਂ ਸਾਰੇ ਸਿਖਿਆਰਥੀਆਂ ਨੂੰ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ, ਲਾਰਵੇ ਦੀ ਪਛਾਣ ਤੇ ਇਸ ਨੂੰ ਨਸ਼ਟ ਕਰਨ ਦੇ ਤਕਨੀਕੀ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਅਤੇ ਜੁਆਇੰਟ ਸੈਕਟਰੀ ਆਦਿਤਿਆ ਰਾਣਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |