ਮੁਕੇਰੀਆਂ, 2 ਜੂਨ (ਰਾਮਗੜ੍ਹੀਆ)-ਮੁਕੇਰੀਆਂ ਤੋਂ ਇਕ ਦਰਦਨਾਕ ਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ | ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਮੁਕੇਰੀਆਂ ਦੇ ਇਕ ਰੈਸਟ ਹਾਊਸ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਸਕੂਟਰੀ ਸਵਾਰ ਦੋ ਮਹਿਲਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਨਛੱਤਰ ਸਿੰਘ ਤੇ ਐਸ. ਐਚ. ਓ. ਪਿ੍ੰਸਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਮਹਿਲਾਵਾਂ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਮੁਕੇਰੀਆਂ ਤੋਂ ਆਪਣੇ ਪਿੰਡ ਵਾਪਸ ਜਾ ਰਹੀਆਂ ਸਨ | ਜਦੋਂ ਉਹ ਘਟਨਾ ਸਥਾਨ ਦੇ ਨੇੜੇ ਪਹੁੰਚੀਆਂ ਤਾਂ ਪਿੱਛੋਂ ਪਠਾਨਕੋਟ ਵਲੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਭਿਆਨਕ ਸੀ ਕਿ ਇਕ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਟਰੱਕ ਸਕੂਟਰੀ ਨੂੰ ਆਪਣੇ ਨਾਲ ਕਰੀਬ 500 ਮੀਟਰ ਤੱਕ ਘਸੀਟਦਾ ਲੈ ਗਿਆ | ਇਸ ਦੌਰਾਨ ਦੂਜੀ ਮਹਿਲਾ ਵੀ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਦੋਵਾਂ ਨੇ ਘਟਨਾ ਸਥਾਨ 'ਤੇ ਹੀ ਦਮ ਤੋੜ ਦਿੱਤਾ | ਮਿ੍ਤਕ ਮਹਿਲਾਵਾਂ ਦੀ ਪਛਾਣ ਪਰਮਜੀਤ ਕੌਰ (40), ਪਤਨੀ ਮੱਖਣ ਸਿੰਘ ਤੇ ਕਰਮਜੀਤ ਕੌਰ (35), ਪਤਨੀ ਅਵਤਾਰ ਸਿੰਘ, ਵਾਸੀ ਪਿੰਡ ਪੰਡੋਰੀ, ਥਾਣਾ ਮੁਕੇਰੀਆਂ ਵਜੋਂ ਹੋਈ ਹੈ | ਦੋਵੇਂ ਰਿਸ਼ਤੇ ਵਿਚ ਦੇਵਰਾਣੀ-ਜੇਠਾਣੀ ਸਨ | ਪਰਿਵਾਰਕ ਜਾਣਕਾਰੀ ਅਨੁਸਾਰ ਪਰਮਜੀਤ ਕੌਰ ਦੇ ਦੋ ਬੱਚੇ ਹਨ, ਜਦਕਿ ਕਰਮਜੀਤ ਕੌਰ ਦੇ ਤਿੰਨ ਬੱਚੇ ਹਨ | ਇਕ ਦਾ ਪਤੀ ਭਾਰਤੀ ਫੌਜ ਵਿਚ ਸੇਵਾ ਨਿਭਾ ਰਿਹਾ ਹੈ ਅਤੇ ਦੂਜੀ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਐੱਫ. ਇੰਚਾਰਜ ਚਰਨਜੀਤ ਸਿੰਘ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ | ਇਸ ਤੋਂ ਬਾਅਦ ਡੀ. ਐਸ. ਪੀ. ਨਛੱਤਰ ਸਿੰਘ ਤੇ ਐਸ. ਐਚ. ਓ. ਪਿ੍ੰਸਪਾਲ ਸਿੰਘ ਵੀ ਪੁਲਿਸ ਬਲ ਸਮੇਤ ਘਟਨਾ ਸਥਾਨ 'ਤੇ ਪਹੁੰਚੇ | ਪੁਲਿਸ ਨੇ ਹਾਈਡਰਾ ਮਸ਼ੀਨ ਦੀ ਮਦਦ ਨਾਲ ਟਰੱਕ ਹੇਠਾਂ ਫਸੀ ਸਕੂਟਰੀ ਨੂੰ ਬਾਹਰ ਕੱਢਿਆ ਤੇ ਮੌਕੇ ਦਾ ਜਾਇਜ਼ਾ ਲਿਆ | ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸਥਾਨਕ ਲੋਕਾਂ ਨੇ ਸੂਝ-ਬੂਝ ਦਿਖਾਉਂਦੇ ਹੋਏ ਟਰੱਕ ਨੂੰ ਰੋਕ ਲਿਆ ਅਤੇ ਚਾਲਕ ਤੇ ਸਹਿ-ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ | ਪੁਲਿਸ ਨੇ ਦੋਵੇਂ ਮਹਿਲਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਲਾਕੇ ਦੇ ਲੋਕਾਂ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਮਿ੍ਤਕ ਮਹਿਲਾਵਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ |