ਹੁਸ਼ਿਆਰਪੁਰ, 5 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਇੱਥੇ ਮੁਲਾਜ਼ਮ ਭਵਨ ਵਿਖੇ 'ਫਾਸ਼ੀ ਹਮਲਿਆਂ ਵਿਰੋਧੀ ਫ਼ਰੰਟ' ਪੰਜਾਬ ਦੇ ਸੱਦੇ ਤੇ 22 ਜੂਨ ਨੂੰ ਜ਼ਿਲ੍ਹਾ ਕੇਂਦਰਾਂ 'ਤੇ ਕੀਤੀਆਂ ਜਾਣ ਵਾਲੀਆਂ ਰੈਲੀਆਂ ਅਤੇ ਮੁਜ਼ਾਹਰੇ ਦੀ ਤਿਆਰੀ ਸਬੰਧੀ ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਨਵਾਦੀ (ਲਿਬਰੇਸ਼ਨ) , ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਨਵਾਦੀ (ਨਿਊ ਡੈਮੋਕਰੇਸੀ), ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਅਤੇ ਸੋਸ਼ਲਿਸਟ ਪਾਰਟੀ ਆਫ਼ ਇੰਡੀਆ, ਜ਼ਿਲ੍ਹਾ ਹੁਸ਼ਿਆਰਪੁਰ ਦੀ ਸਾਂਝੀ ਮੀਟਿੰਗ ਸੀ.ਪੀ.ਆਈ. ਦੇ ਆਗੂ ਸਾਥੀ ਉਂਕਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਅੱਜ ਦੀ ਮੀਟਿੰਗ ਨੂੰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਫ਼ਰੰਟ ਵਲੋਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਿੱਛੋਂ ਦੀ ਰਾਜਸੀ ਸਥਿਤੀ ਅਤੇ ਪੰਜਾਬ 'ਚ ਆਰ.ਐੱਸ.ਐੱਸ ਤੇ ਬੀ.ਜੇ.ਪੀ ਦੇ ਵੱਧ ਰਹੇ ਦਖ਼ਲ ਤੇ ਖ਼ਤਰੇ ਦੇ ਮੱਦੇਨਜ਼ਰ ਫ਼ਰੰਟ ਨੂੰ ਹੋਰ ਸਰਗਰਮ ਕਰਨ ਅਤੇ ਸਾਂਝੀਆਂ ਗਤੀਵਿਧੀਆਂ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸੇ ਦਿਸ਼ਾ 'ਚ ਸਾਮਰਾਜ ਦੇ ਦਬਾਅ ਹੇਠ ਝੁਕਦੀ ਵਿਦੇਸ਼ ਨੀਤੀ ਅਤੇ ਦੇਸ਼ ਦੇ ਧਰਮ ਨਿਰਪੱਖ ਢਾਂਚੇ ਨੂੰ ਤੋੜਨ ਤੇ ਕੱਟੜਵਾਦੀ ਧਾਰਮਿਕ ਰਾਜ ਬਣਾਉਣ ਆਦਿ ਦੇ ਖ਼ਤਰਿਆਂ ਨੂੰ ਲੈ ਕੇ 22 ਜੂਨ ਦਿਨ ਸੋਮਵਾਰ ਨੂੰ ਜ਼ਿਲ੍ਹਾ ਪੱਧਰ 'ਤੇ ਭਰਵੇਂ ਇਕੱਠ ਤੇ ਰੋਸ ਵਿਖਾਵੇ ਕੀਤੇ ਜਾਣਗੇ | ਇਸ ਦੌਰਾਨ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 22 ਜੂਨ ਦਿਨ ਸੋਮਵਾਰ ਨੂੰ ਹੁਸ਼ਿਆਰਪੁਰ ਦੇ ਮੁੱਖ ਬੱਸ ਅੱਡੇ ਤੇ ਉਕਤ ਮੁੱਦਿਆਂ ਨੂੰ ਲੈ ਕੇ ਰੈਲੀ ਕੀਤੀ ਜਾਵੇਗੀ ਅਤੇ ਇਸ ਉਪਰੰਤ ਸ਼ਹਿਰ ਅੰਦਰ ਮਾਰਚ ਕੀਤਾ ਜਾਵੇਗਾ | ਇਸ ਮੌਕੇ ਸ਼ੇਰ ਜੰਗ ਬਹਾਦਰ , ਹਰਮੇਸ਼ ਢੇਸੀ, ਸਤੀਸ਼ ਰਾਣਾ, ਓਮ ਸਿੰਘ ਸਠਿਆਣਾ, ਕਿ੍ਸ਼ਨ ਗੋਪਾਲ, ਤਜਿੰਦਰ ਸਿੰਘ, ਹੰਸ ਰਾਜ, ਅਸ਼ੋਕ ਕੁਮਾਰ, ਤਾਰਾ ਸਿੰਘ , ਚਾਨਣ ਰਾਮ , ਡੈਵਿਡ ਜੋਨ, ਹਜ਼ੂਰ ਸਿੰਘ, ਬਸ਼ੰਬਰ ਦਾਸ ਅਤੇ ਥੋੜੂ ਰਾਮ ਸ਼ਾਮਿਲ ਹੋਏ |