ਟਾਂਡਾ ਉੜਮੁੜ, 6 ਜੂਨ (ਭਗਵਾਨ ਸਿੰਘ ਸੈਣੀ, ਦੀਪਕ ਬਹਿਲ)-ਮਿਊਾਸੀਪਲ ਚੋਣਾਂ ਦੌਰਾਨ ਜਿੱਤ ਦਾ ਜਸ਼ਨ ਮਨਾ ਰਹੇ ਕਾਂਗਰਸੀ ਵਰਕਰਾਂ ਖ਼ਿਲਾਫ਼ ਝਾੜੂ ਦੀ ਕਥਿਤ ਬੇਅਦਬੀ ਦਾ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਹਿਰਾਸਤ 'ਚ ਲੈਣ ਦੇ ਮਾਮਲੇ ਨੇ ਹੁਣ ਸੂਬਾ ਪੱਧਰ 'ਤੇ ਸਿਆਸੀ ਰੰਗ ਧਾਰ ਲਿਆ ਹੈ | ਇਸ ਘਟਨਾ ਦੇ ਵਿਰੋਧ 'ਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਦੋ ਦਿਨਾਂ ਤੱਕ ਧਰਨਾ ਦੇ ਕੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਹਿਰਾਸਤ ਵਿਚ ਲਏ ਗਏ ਵਿਅਕਤੀ ਨੂੰ ਰਿਹਾਅ ਕਰ ਦਿੱਤਾ ਗਿਆ | ਮਾਮਲੇ ਨੂੰ ਲੈ ਕੇ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਟਾਂਡਾ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ 'ਤੇ ਤਿੱਖੇ ਨਿਸ਼ਾਨੇ ਸਾਧੇ ਸਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲੋਕਤੰਤਰਿਕ ਹੱਕਾਂ ਦਾ ਘਾਣ ਨਹੀਂ ਹੋਣ ਦਿੱਤਾ ਜਾਵੇਗਾ ਤੇ ਪੁਲਿਸ ਦੀ ਦੁਰਵਰਤੋਂ ਖ਼ਿਲਾਫ਼ ਕਾਂਗਰਸ ਪਾਰਟੀ ਡਟ ਕੇ ਆਵਾਜ਼ ਉਠਾਏਗੀ | ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਟਾਂਡਾ ਪਹੁੰਚੇ, ਜਿਥੇ ਉਨ੍ਹਾਂ ਕਾਂਗਰਸੀ ਵਰਕਰਾਂ ਦੇ ਇਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੂਬੇ ਵਿਚ ਕਾਨੂੰਨ ਅਤੇ ਵਿਵਸਥਾ ਕਾਇਮ ਰੱਖਣ ਦੀ ਹੈ, ਪਰ ਮੌਜੂਦਾ ਸਮੇਂ ਦੌਰਾਨ ਬੇਕਸੂਰ ਲੋਕਾਂ ਨੂੰ ਚੁੱਕਿਆ ਜਾ ਰਿਹਾ ਹੈ ਅਤੇ ਆਪਣੇ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਤੇ ਲੋਕਤੰਤਰ ਵਿਰੋਧੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾ ਰੁਕੀਆਂ ਤਾਂ ਕਾਂਗਰਸ ਪਾਰਟੀ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਤੱਕ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ | ਇਸ ਮੌਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਵੀ ਪੁਲਿਸ ਦੀ ਕਾਰਵਾਈ ਦੀ ਤਿੱਖੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਸਿਆਸੀ ਬਦਲਾਖੋਰੀ ਤਹਿਤ ਦਰਜ ਕੀਤੇ ਗਏ ਕੇਸ ਤੁਰੰਤ ਇਰਾਦੇ ਰੱਦ ਕੀਤੇ ਜਾਣ | ਇਸ ਮੌਕੇ ਰਾਜਾ ਵੜਿੰਗ ਨੇ ਆਖਿਆ ਕਿ ਪੁਲਿਸ ਪ੍ਰਸ਼ਾਸਨ ਲਾਅ ਐਂਡ ਆਰਡਰ ਨੂੰ ਬਣਾਈ ਰੱਖਣ ਵਿਚ ਬੁਰੀ ਤਰ੍ਹਾਂ ਫ਼ੇਲ੍ਹ ਹੋਇਆ ਹੈ | ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਆਉਣ ਵਾਲੀਆਂ ਚੋਣਾਂ ਵਿਚ 'ਆਪ' ਸਰਕਾਰ ਨੂੰ ਕੀਤੇ ਹੋਏ ਅਣ ਮਨੁੱਖੀ ਤਸ਼ੱਦਦ ਦਾ ਜਵਾਬ ਦੇਵੇਗੀ | ਇਸ ਮੌਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸੇਠੀ ਅਗਵਾਈ 'ਚ ਬਲਾਕ ਕਾਂਗਰਸ ਦਫ਼ਤਰ ਤੋਂ ਲੈ ਕੇ ਸ਼ਿਮਲਾ ਪਹਾੜੀ ਤੱਕ ਰੋਸ ਮਾਰਚ ਕੱਢਿਆ ਅਤੇ ਝਾੜੂ ਨੂੰ ਸੜਕ 'ਤੇ ਖਿਲਾਰਿਆ | ਇਸ ਮੌਕੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸੇਠੀ ਤੋਂ ਇਲਾਵਾ ਬਲਾਕ ਕਾਂਗਰਸ ਪ੍ਰਧਾਨ ਅਵਤਾਰ ਸਿੰਘ ਖੋਖਰ, ਸਾਬਕਾ ਕਾਂਗਰਸ ਪ੍ਰਧਾਨ ਸਿਮਰਨ ਸਿੰਘ, ਗੁਰਸੇਵਕ ਸਿੰਘ ਮਾਰਸ਼ਲ, ਸਾਬਕਾ ਨਗਰ ਕੌਂਸਲ ਪ੍ਰਧਾਨ ਦਵਿੰਦਰ ਸਿੰਘ ਬਿੱਲੋ, ਹਰਜੇਸ਼ ਲਾਡੀ, ਕਾਬਲ ਸਿੰਘ ਘੂਲਪੁਰ, ਜਰਨੈਲ ਸਿੰਘ ਭੂਲਪੁਰ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੱਖੀ, ਸੁਖਵਿੰਦਰ ਸਿੰਘ, ਰਕੇਸ਼ ਵੋਹਰਾ, ਅਜੀਤ ਸਿੰਘ, ਪੰਚ ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਲੰਬੜਦਾਰ ਸਿਮਰਜੀਤ ਸਿੰਘ, ਅਮਰਜੀਤ ਸਿੰਘ, ਜਸਵੀਰ ਸਿੰਘ, ਗੋਲਡੀ ਕਲਿਆਣਪੁਰ, ਵਿਜੇਪਾਲ, ਸਰਪੰਚ ਹਰਮੇਸ਼ ਸਿੰਘ, ਸੁਖਰਾਜ ਸਿੰਘ ਸਿੱਧੂ, ਮਨਜੀਤ ਸਿੰਘ ਮੋਹਕਮਗੜ੍ਹ, ਮਾਸਟਰ ਲਛਮਣ ਸਿੰਘ, ਭੁਪਿੰਦਰ ਸਿੰਘ, ਰਾਤ ਸਿੰਘ, ਭੁਪਿੰਦਰ ਸਿੰਘ ਰਾਪੁਰ, ਮਨਜੀਤ ਸਿੰਘ, ਨੰਬਰਦਾਰ ਕੁਲਦੀਪ ਸਿੰਘ ਦੇਰੀਵਾਲ, ਮਹਿੰਗਾ ਸਿੰਘ, ਬਿੰਦਰ ਕੰਧਾਲੀ ਨਰੰਗਪੁਰ, ਮਨੀ ਸਾਹਿਬਾਜਪੁਰ, ਐਮ. ਪੀ. ਹਰਸੀ ਪਿੰਡ ਮਹਾਵੀਰ ਸਿੰਘ, ਮਸੀਤੀ, ਪਰਮਜੀਤ ਸਿੰਘ, ਵਰਿੰਦਰ ਸਿੰਘ ਤੇ ਭਾਰੀ ਗਿਣਤੀ 'ਚ ਕਾਂਗਰਸੀ ਵਰਕਰ ਸ਼ਾਮਿਲ ਸਨ |
ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕਰਾਂਗੇ-ਰਾਜਾ ਵੜਿੰਗ
ਅਜੀਤ ਡੈਸਕ
07-06-2026