ਹੁਸ਼ਿਆਰਪੁਰ, 8 ਜੂਨ (ਬਲਜਿੰਦਰਪਾਲ ਸਿੰਘ)-ਵੱਖ-ਵੱਖ ਸੜਕ ਹਾਦਸਿਆਂ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 2 ਜ਼ਖ਼ਮੀ ਹੋ ਗਏ | ਪੁਲਿਸ ਨੇ ਇਸ ਸੰਬੰਧੀ ਮਾਮਲੇ ਦਰਜ਼ ਕਰਕੇ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰ ਲਿਆ ਹੈ | ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਵਾਸੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਵਾਸੀ ਕੇਵਲ ਸਿੰਘ ਦੇ ਨਾਲ ਆਪਣੇ-ਆਪਣੇ ਟਿੱਪਰ ਲੈ ਕੇ ਆਏ ਸਨ | ਉਸ ਨੇ ਦੱਸਿਆ ਕਿ ਉਨ੍ਹਾਂ ਆਪਣੇ ਵਾਹਨ ਹਰਦੋਖਾਨਪੁਰ ਦੇ ਪੰਪ 'ਤੇ ਪਾਰਕਿੰਗ 'ਤੇ ਲਗਾ ਦਿੱਤੇ | ਉਸ ਨੇ ਦੱਸਿਆ ਕਿ ਜਦੋਂ ਉਹ ਢਾਬੇ ਤੋਂ ਰੋਟੀ ਖਾ ਕੇ ਵਾਪਸ ਆਪਣੇ ਵਾਹਨਾਂ ਵੱਲ ਨੂੰ ਆ ਰਹੇ ਹਨ ਤਾਂ ਟਾਂਡਾ ਰੋਡ ਵਲੋਂ ਆ ਰਹੇ ਇਕ ਮੋਟਰਸਾਈਕਲ ਚਾਲਕ ਨੇ ਉਸ ਨੂੰ ਅਤੇ ਕੇਵਲ ਸਿੰਘ ਨੂੰ ਵੀ ਆਪਣੇ ਲਪੇਟ 'ਚ ਲੈ ਲਿਆ | ਉਸ ਨੇ ਦੱਸਿਆ ਉਕਤ ਹਾਦਸੇ 'ਚ ਕੇਵਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਾਲਕ ਅਸ਼ੋਕ ਕੁਮਾਰ ਸੱਜਣਾਂ ਵੀ ਜ਼ਖ਼ਮੀ ਹੋ ਗਿਆ | ਮਾਡਲ ਟਾਊਨ ਪੁਲਿਸ ਨੇ ਕਥਿਤ ਦੋਸ਼ੀ ਅਸ਼ੋਕ ਕੁਮਾਰ ਵਾਸੀ ਸੱਜਣਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਸੇ ਤਰ੍ਹਾਂ ਪਿੰਡ ਕਾਂਟੀਆਂ ਦੀ ਵਾਸੀ ਜਸਵੀਰ ਕੌਰ ਪਤਨੀ ਅਸ਼ਵਨੀ ਕੁਮਾਰ ਨੇ ਥਾਣਾ ਹਰਿਆਣਾ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਤੇ ਦੱਸਿਆ ਕਿ ਉਸ ਦਾ ਪਤੀ ਤੇ ਜੇਠ ਮਨਜੀਤ ਕੁਮਾਰ ਮੋਟਰਸਾਈਕਲ 'ਤੇ ਪਿੰਡ ਨੂੰ ਵਾਪਸ ਆ ਰਹੇ ਸਨ | ਜਦੋਂ ਉਹ ਪਿੰਡ ਬੱਸੀ ਕਾਸੋਂ ਦੇ ਕੋਲ ਪਹੁੰਚੇ ਤਾਂ ਉਥੋਂ ਲੰਘ ਰਹੇ ਇਕ ਵਾਹਨ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ | ਉਸ ਨੇ ਦੱਸਿਆ ਕਿ ਉਕਤ ਹਾਦਸੇ 'ਚ ਉਸਦੇ ਪਤੀ ਦੀ ਮੌਤ ਹੋ ਗਈ ਜਦਕਿ ਜੇਠ ਮਨਜੀਤ ਕੁਮਾਰ ਜ਼ਖ਼ਮੀ ਹੋ ਗਿਆ | ਪੁਲਿਸ ਨੇ ਕਥਿਤ ਦੋਸ਼ੀ ਚਾਲਕ ਤਰਨਵੀਰ ਵਾਸੀ ਡਡਿਆਣਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |