ਕੋਟਫ਼ਤੂਹੀ, 8 ਜੂਨ (ਅਵਤਾਰ ਸਿੰਘ ਅਟਵਾਲ)-ਪਿਛਲੇ 2 ਸਾਲਾਂ ਤੋਂ ਲਕਸੀਹਾਂ ਤੋਂ ਮਾਹਲਾਂ ਬਲਟੋਹੀਆ, ਮੂਗੋਪੱਟੀ, ਨਗਦੀਪੁਰ ਤੋਂ ਖੁਸ਼ਹਾਲਪੁਰ, ਭਗਤੂਪੁਰ ਆਦਿ ਪਿੰਡਾਂ ਦੀਆਂ ਸੜਕਾਂ ਤੇ ਫਿਰਨੀਆਂ ਦੀ ਖਸਤਾ ਹਾਲਤ ਹੋਣ ਕਰ ਕੇ ਤੇ ਉਨ੍ਹਾਂ ਨੂੰ ਸਮੇਂ ਸਿਰ ਨਾ ਬਣਾਉਣ ਨੂੰ ਲੈ ਕੇ ਲਕਸੀਹਾਂ ਪਿੰਡ 'ਚ ਲੇਬਰ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ, ਠੇਕੇਦਾਰ ਗੁਰਬਖ਼ਸ਼ ਸਿੰਘ ਦੀ ਸਰਪ੍ਰਸਤੀ ਹੇਠ ਪੰਜਾਬ ਸਰਕਾਰ ਵਲੋਂ ਸੜਕਾਂ ਵੱਲ ਧਿਆਨ ਨਾ ਦੇਣ ਤੇ ਰੋਸ ਮੁਜ਼ਾਹਰਾ ਕੀਤਾ | ਇਸ ਮੌਕੇ ਅਮਰਦੀਪ ਸਿੰਘ, ਬਲਜੀਤ ਸਿੰਘ, ਮੱਖਣ ਸਿੰਘ, ਗੁਰਨਾਮ ਸਿੰਘ, ਜੈ ਕੁਮਾਰ, ਸੁਖਵਿੰਦਰ ਸਿੰਘ, ਮੁਕੇਸ਼ ਕੁਮਾਰ, ਅਮਿੱਤ ਕੁਮਾਰ, ਕੁਲਵਿੰਦਰ ਰਾਏ, ਮਨਜਿੰਦਰ ਸਿੰਘ, ਗੁਰਭਾਗ ਸਿੰਘ ਆਦਿ ਹਾਜ਼ਰ ਸਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ 'ਚ ਦੋ-ਦੋ ਫੱੁਟ ਡੰੂਘੇ ਤੇ ਦਸ-ਦਸ ਫੱੁਟ ਚੌੜੇ ਟੋਏ ਪਏ ਹੋਏ ਹਨ, ਇਨ੍ਹਾਂ ਸੜਕਾਂ ਦੀ ਹਾਲਤ ਐਨੀ ਖਸਤਾ ਹੈ, ਕਿ ਇਨ੍ਹਾਂ ਸੜਕਾਂ ਉੱਪਰ ਵਹੀਕਲ ਚਲਾਉਣੇ ਵੀ ਔਖੇ ਹੋ ਗਏ ਹਨ | ਪੈਟਰੋਲ, ਡੀਜ਼ਲ ਉੱਪਰ ਸਰਕਾਰ ਨੇ ਸਪੈਸ਼ਲ 5 ਰੁਪਏ ਪ੍ਰਤੀ ਲੀਟਰ ਸੈਸ ਵੀ ਲਵਾਇਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਟੁੱਟੀਆਂ ਸੜਕਾਂ ਤੋਂ ਹੋ ਰਹੇ ਨੁਕਸਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਕੇ ਸੜਕਾਂ ਦੀ ਉਸਾਰੀ ਲਈ ਅੰਦੋਲਨ ਚਲਾਇਆ ਜਾਵੇਗਾ |