ਹੁਸ਼ਿਆਰਪੁਰ, 11 ਜੂਨ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਮਾਲ ਅਫ਼ਸਰ ਤੇ ਸਮਰੱਥ ਅਧਿਕਾਰੀ ਭੌਂ ਪ੍ਰਾਪਤੀ ਅਮਨਦੀਪ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ (ਐਨ. ਐਚ. ਏ. ਆਈ.) ਵਲੋਂ ਹੁਸ਼ਿਆਰਪੁਰ-ਊਨਾ ਰਾਸ਼ਟਰੀ ਰਾਸ਼ਟਰੀ ਰਾਜ ਮਾਰਗ -503 ਏ (ਪੈਕੇਜ-4) ਆਪ ਟੂ ਪੰਜਾਬ ਬਾਰਡਰ ਸਮੇਤ ਬਾਈਪਾਸ ਤੇ ਫਗਵਾੜਾ-ਹੁਸ਼ਿਆਰਪੁਰ ਰਾਸ਼ਟਰੀ ਰਾਜ ਮਾਰਗ-344ਬੀ ਲਈ ਐਕਵਾਇਰ ਕੀਤੀ ਜ਼ਮੀਨ ਦੇ ਯੋਗ ਜ਼ਮੀਨ ਮਾਲਕਾਂ ਨੂੰ ਮੁਆਵਜਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਜਾਰੀ ਹੈ | ਉਨ੍ਹਾਂ ਦੱਸਿਆ ਕਿ ਐਨ. ਐਚ-503 ਏ ਪ੍ਰਾਜੈਕਟ ਤਹਿਤ ਤਹਿਸੀਲ ਹੁਸ਼ਿਆਰਪੁਰ ਦੇ 22 ਪਿੰਡਾਂ ਅੱਜੋਵਾਲ, ਬ੍ਰਹਮਜੀਤ, ਬਸੀ ਨੌ, ਡਗਾਣਾ ਖ਼ੁਰਦ, ਡਗਾਣਾ ਕਲਾਂ, ਸੱਜਣ, ਹਰਦੋਖਾਨਪੁਰ, ਆਦਮਵਾਲ, ਕੱਕੋਂ, ਖਾਖਲੀ, ਨੰਦਨ, ਬਸੀ ਗੁਲਾਮ ਹੁਸੈਨ, ਬਸੀ ਪੁਰਾਣੀ, ਖੜਕਾਂ, ਚੱਕ ਹਰਨੌਲੀ, ਪਟਿਆੜੀ, ਜਹਾਨਖੇਲਾਂ, ਮਹਿਲਾਂਵਾਲੀ, ਬਸੀ ਮੁਸਤਫਾ, ਬਜਵਾੜਾ, ਕੋਟਲਾ ਗੌਂਸਪੁਰ ਤੇ ਕਿਲਾ ਬਰੂਨ ਦੀ ਜ਼ਮੀਨ ਐਕਵਾਇਰ ਕਰਨ ਲਈ ਰਾਸ਼ਟਰੀ ਰਾਜ ਮਾਰਗ ਐਕਟ 1956 ਦੀ ਧਾਰਾ 3 (ਡੀ) ਤਹਿਤ ਪ੍ਰਾਪਤ ਕੀਤੀ ਗਈ ਹੈ ਅਤੇ ਇਹ ਜ਼ਮੀਨ ਭਾਰਤ ਸਰਕਾਰ ਦੇ ਨਾਂਅ ਹੋ ਚੁੱਕੀ ਹੈ | ਇਸੇ ਤਰ੍ਹਾਂ ਫਗਵਾੜਾ-ਹੁਸ਼ਿਆਰਪੁਰ ਰਾਸ਼ਟਰੀ ਰਾਜ ਮਾਰਗ-344 ਬੀ ਪ੍ਰੋਜੈਕਟ ਤਹਿਤ ਮੇਹਟਿਆਣਾ, ਖਨੌੜਾ, ਅਹਿਰਾਣਾ, ਤਨੂਲੀ, ਮਰਨਾਈਆਂ ਕਲਾਂ, ਅੱਤੋਵਾਲ, ਸਾਹਰੀ, ਕਾਹਰੀ, ਬਸੀ ਦੌਲਤ ਖਾਂ, ਮੜੂਲੀ ਬ੍ਰਹਾਮਣਾ, ਕਾਇਮਪੁਰ, ਅਟਲਗੜ੍ਹ, ਪੁਰਹੀਰਾਂ, ਢੋਲਣਵਾਲ, ਸ਼ੇਰਗੜ੍ਹ, ਛਾਉਣੀ ਕਲਾਂ, ਅੰਮੋਆਲ, ਕਿਲਾ ਬਰੂਨ, ਨੰਗਲ ਸ਼ਹੀਦਾਂ, ਬਿਲਾਸਪੁਰ ਅਤੇ ਬਜਵਾੜਾ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ | ਅਮਨਦੀਪ ਚਾਵਲਾ ਨੇ ਦੱਸਿਆ ਕਿ ਪ੍ਰਭਾਵਿਤ ਜ਼ਮੀਨ ਮਾਲਕਾਂ ਲਈ ਮੁਆਵਜ਼ੇ ਸੰਬੰਧੀ ਪਹਿਲਾਂ ਵੱਖ-ਵੱਖ ਅਖ਼ਬਾਰਾਂ ਰਾਹੀਂ ਜਨਤਕ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਐਨ ਐਚ-344 ਬੀ ਪ੍ਰਾਜੈਕਟ ਲਈ ਵਿਸ਼ੇਸ਼ ਕੈਂਪ ਵੀ ਲਗਾਏ ਗਏ ਸਨ | ਇਸ ਦੇ ਬਾਵਜੂਦ ਬਹੁਤ ਸਾਰੇ ਪ੍ਰਭਾਵਿਤ ਜ਼ਮੀਨ ਮਾਲਕਾਂ ਨੇ ਅਜੇ ਤੱਕ ਆਪਣੀਆਂ ਫਾਈਲਾਂ, ਲੋੜੀਂਦੇ ਦਸਤਾਵੇਜ਼ਾਂ ਸਮੇਤ, ਦਫ਼ਤਰ 'ਚ ਜਮ੍ਹਾਂ ਨਹੀਂ ਕਰਵਾਈਆਂ ਹਨ | ਉਨ੍ਹਾਂ ਸਾਰੇ ਸੰਬੰਧਿਤ ਯੋਗ ਜ਼ਮੀਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਅਰਜ਼ੀਆਂ ਫਾਈਲਾਂ ਤੇ ਜ਼ਰੂਰੀ ਦਸਤਾਵੇਜ਼ 30 ਜੂਨ ਤੱਕ ਕਮਰਾ ਨੰਬਰ 309, ਨੈਸ਼ਨਲ ਹਾਈਵੇਅ ਵਿੰਗ, ਤੀਜੀ ਮੰਜ਼ਿਲ ਡਿਪਟੀ ਕਮਿਸ਼ਨਰ ਦਫ਼ਤਰ ਹੁਸ਼ਿਆਰਪੁਰ ਵਿਖੇ ਜਮ੍ਹਾਂ ਕਰਵਾਉਣ, ਤਾਂ ਜੋ ਉਨ੍ਹਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ | ਜ਼ਿਲ੍ਹਾ ਮਾਲ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਜੇਕਰ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਅਰਜ਼ੀ ਪ੍ਰਾਪਤ ਨਹੀਂ ਹੁੰਦੀ ਹੈ, ਤਾਂ ਸੰਬੰਧਿਤ ਲਾਭਪਾਤਰੀਆਂ ਦੀ ਅਨ-ਕਲੇਮਡ ਰਕਮ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਇਸ ਦਫ਼ਤਰ ਵਲੋਂ ਭੁਗਤਾਨ ਕਰਨਾ ਸੰਭਵ ਨਹੀਂ ਹੋਵੇਗਾ ਤੇ ਇਸ ਸੰਬੰਧੀ ਕੋਈ ਇਤਰਾਜ਼ ਸਵੀਕਾਰ ਨਹੀਂ ਕੀਤਾ ਜਾਵੇਗਾ |