ਗੜ੍ਹਸ਼ੰਕਰ, 12 ਜੂਨ (ਧਾਲੀਵਾਲ)-ਗੁਰਦੁਆਰਾ ਭਾਈ ਤਿਲਕੂ ਜੀ ਗੜ੍ਹਸ਼ੰਕਰ ਵਿਖੇ 'ਪਹਿਲ' ਸੰਸਥਾ ਦੇ ਅਹੁਦੇਦਾਰਾਂ ਦੀ ਮੀਟਿੰਗ ਸੰਤ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਤੇ ਸੰਸਥਾ ਦੇ ਪ੍ਰਧਾਨ ਤਰਸੇਮ ਸਿੰਘ ਜੱਸੋਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਫ਼ੈਸਲਾ ਲਿਆ ਗਿਆ ਕਿ ਗੁਰਦੁਆਰਾ ਭਾਈ ਤਿਲਕੂ ਜੀ ਗੜ੍ਹਸ਼ੰਕਰ ਵਿਖੇ ਕੋਚਿੰਗ ਇੰਸਟੀਚਿਊਟ ਖੋਲਿ੍ਹਆ ਜਾਵੇਗਾ, ਜਿਸ 'ਚ ਬੇਰੁਜ਼ਗਾਰ ਪੜੇ੍ਹ-ਲਿਖੇ ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਵੱਖ-ਵੱਖ ਲਈ ਲਏ ਜਾਂਦੇ ਟੈੱਸਟ ਪਾਸ ਕਰਕੇ ਨੌਕਰੀਆਂ ਪ੍ਰਾਪਤ ਕਰ ਸਕਣ | ਪ੍ਰਬੰਧਕਾਂ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਹਾਸਿਲ ਕਰਕੇ ਆਪਣੇ ਪਰਿਵਾਰ ਤੇ ਸਮਾਜ ਦੀ ਤਰੱਕੀ ਕਰਨਗੇ ਉਥੇ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚ ਸਕਣਗੇ | 'ਪਹਿਲ' ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਕੋਚਿੰਗ ਸੈਂਟਰ 'ਚ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਹਲਕੇ ਦੇ ਨੌਜਵਾਨ ਦਾਖਲਾ ਲੈ ਸਕਣਗੇ, ਜਿਸ ਦਾ ਕੋਈ ਖਰਚਾ ਨਹੀਂ ਲਿਆ ਜਾਵੇਗਾ | ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਨੂੰ ਭਰੋਸਾ ਦਿੱਤਾ ਕਿ ਇਸ ਕੋਚਿੰਗ ਇੰਸਟੀਚਿਊਟ ਲਈ ਬਿਲਡਿੰਗ, ਫ਼ਰਨੀਚਰ ਤੇ ਹੋਰ ਜ਼ਰੂਰੀ ਸਾਮਾਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ 'ਪਹਿਲ' ਦੇ ਕੌਮੀ ਪ੍ਰਧਾਨ ਤਰਸੇਮ ਸਿੰਘ ਜੱਸੋਵਾਲ ਨੇ ਸੰਤ ਬਾਬਾ ਸਤਨਾਮ ਸਿੰਘ ਤੇ ਪਹੁੰਚੇ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਦਲਜੀਤ ਸਿੰਘ ਬੈਂਸ ਖੁਰਦਾਂ, ਸਿਮਰਨ ਸਿੰਘ ਬੜੈਂਚ, ਗੁਰਮੁਖ ਸਿੰਘ ਸੋਢੀ, ਬਲਵੀਰ ਸਿੰਘ ਖੜੌਦੀ, ਮਾ. ਰਾਮ ਕਿਸ਼ਨ ਪੱਲੀ ਝਿੱਕੀ, ਤਲਵਿੰਦਰ ਸਿੰਘ ਮੋਰਾਂਵਾਲੀ, ਪਰਮਜੀਤ ਸਿੰਘ ਬਾਰਾਪੁਰ, ਜੇ.ਪੀ. ਸਿੰਘ ਗੜ੍ਹਸ਼ੰਕਰ, ਬਾਬਾ ਕੁਲਵਿੰਦਰ ਸਿੰਘ ਗੜ੍ਹਸ਼ੰਕਰ, ਮਨਜੀਤ ਸਿੰਘ ਗਿੱਲ ਖਾਬੜਾ, ਹਰਭਜਨ ਸਿੰਘ ਗੜ੍ਹਸ਼ੰਕਰ, ਸੁੱਚਾ ਸਿੰਘ ਬਿੰਦਰਾ ਰਾਮਗੜ੍ਹ ਝੁੰਗੀਆਂ, ਮਨਮੋਹਨ ਸਿੰਘ ਗੜ੍ਹਸ਼ੰਕਰ ਹਾਜ਼ਰ ਹੋਏ |