ਹਾਜੀਪੁਰ, 13 ਜੂਨ (ਜੋਗਿੰਦਰ ਸਿੰਘ)-ਮਗਨਰੇਗਾ ਕਰਮਚਾਰੀਆਂ ਨੇ ਪੰਚਾਇਤ ਵਿਭਾਗ 'ਚ ਮਰਜ਼ ਕਰਨ ਤੇ ਪਿਛਲੇ 6 ਮਹੀਨਿਆਂ ਦੀ ਰੁਕੀਆਂ ਤਨਖ਼ਾਹਾਂ ਦੇਣ ਸੰਬੰਧੀ ਮੰਗ ਪੱਤਰ ਐਮ. ਪੀ. ਡਾ. ਰਾਜ ਕੁਮਾਰ ਚੱਬੇਵਾਲ ਅਤੇ ਪ੍ਰੋ. ਜੀ. ਐੱਸ. ਮੁਲਤਾਨੀ ਹਲਕਾ ਇੰਚਾਰਜ 'ਆਪ' ਨੂੰ ਹਾਜੀਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਕੌਰ ਦੀ ਅਗਵਾਈ ਹੇਠ ਸੌਂਪਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਮਗਨਰੇਗਾ ਕਰਮਚਾਰੀ ਦੀ ਤੌਰ 'ਤੇ ਵਿਭਾਗ 'ਚ ਕੰਮ ਕਰਦੇ ਆ ਰਹੇ ਹਨ ਪਰ ਵਿਭਾਗ ਵਲੋਂ ਉਨ੍ਹਾਂ ਨੂੰ ਹਮੇਸ਼ਾ ਅਣਦੇਖਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਰਕੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚਲਾ ਰਹੇ ਹਨ | ਉਨ੍ਹਾਂ ਕਿਹਾ ਜੇਕਰ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ 'ਆਪ' ਸਰਕਾਰ ਦੀ ਹੋਵੇਗੀ | ਇਸ ਮੌਕੇ ਬਲਾਕ ਪ੍ਰਧਾਨ ਮੁਕੇਰੀਆਂ ਜੋਗਿੰਦਰ ਸਿੰਘ, ਬਲਾਕ ਪ੍ਰਧਾਨ ਤਲਵਾੜਾ ਰਾਜਿੰਦਰ ਸਿੰਘ, ਬਲਾਕ ਪ੍ਰਧਾਨ ਦਸੂਹਾ ਗੁਰਮੇਲ ਸਿੰਘ, ਬਲਾਕ ਪ੍ਰਧਾਨ ਹਾਜੀਪੁਰ ਹੀਰਾ ਸਿੰਘ, ਬਲਾਕ ਪ੍ਰਧਾਨ ਗੁਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਗਨਰੇਗਾ ਕਰਮਚਾਰੀ ਹਾਜ਼ਰ ਸਨ |