ਰਾਮਗੜ੍ਹ ਸੀਕਰੀ, 13 ਜੂਨ (ਕਟੋਚ)-ਬਲਾਕ ਤਲਵਾੜਾ ਦੇ ਪਿੰਡ ਭਵਨੌਰ ਵਿਖੇ ਕਰੀਬ 55 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹੈਲਥ ਵੈੱਲਨੈੱਸ ਸੈਂਟਰ ਦਾ ਨੀਂਹ ਪੱਥਰ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਤੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁਮਾ ਨੇ ਸਾਂਝੇ ਤੌਰ 'ਤੇ ਰੱਖਿਆ | ਇਸ ਤੋਂ ਪਹਿਲਾਂ ਪਿੰਡ ਪਹੁੰਚਣ 'ਤੇ ਡਾ. ਰਾਜ ਕੁਮਾਰ ਚੱਬੇਵਾਲ ਤੇ ਵਿਧਾਇਕ ਘੁੰਮਣ ਦਾ ਸਰਪੰਚ ਸੁਮਨ ਲਤਾ, ਨਵਜੀਵਨ ਪਟਿਆਲ, ਸਮੂਹ ਪੰਚਾਇਤ ਮੈਂਬਰਾਂ ਦੇ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ | ਇਸ ਮੌਕੇ ਡਾ. ਸ਼ਿਵ ਦੱਤ ਭਟੇੜ, ਜੋਗੀ ਮਿਨਹਾਸ, ਸੁਮਨ ਰਾਜਪੂਤ, ਆਸ਼ੂ ਅਰੋੜਾ, ਸਰਪੰਚ ਵਿਨੋਦ ਬਿ੍ੰਗਲੀ, ਸੁਭਾਸ਼ ਚੰਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਸਰਪੰਚ, ਪੰਚ ਅਤੇ ਪਤਵੰਤੇ ਹਾਜ਼ਰ ਸਨ | ਇਸ ਮੌਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਦਸੂਹਾ ਵਿਧਾਨ ਸਭਾ ਹਲਕੇ ਵਿਚ ਵਿਧਾਇਕ ਘੁੰਮਣ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਲਈ ਵਿਧਾਇਕ ਦੀ ਜ਼ੋਰਦਾਰ ਤਾਰੀਫ਼ ਕਰਦਿਆਂ ਕਿਹਾ ਕਿ ਵਿਧਾਇਕ ਘੁੰਮਣ ਦੀ ਵਿਕਾਸ ਪੱਖੀ ਸੋਚ ਅਤੇ ਅਣਥੱਕ ਯਤਨਾਂ ਸਦਕਾ ਦਸੂਹਾ ਹਲਕੇ 'ਚ ਰਿਕਾਰਡ ਤੋੜ ਵਿਕਾਸ ਹੋਇਆ ਹੈ ਅਤੇ ਜ਼ਿਲੇ੍ਹ ਵਿਚ ਸਭ ਤੋਂ ਵੱਧ ਫ਼ੰਡ ਦਸੂਹਾ ਹਲਕੇ ਦੇ ਲਈ ਜਾਰੀ ਹੋਏ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਵਿਧਾਇਕ ਨੂੰ ਮੁੜ ਵਿਧਾਇਕ ਬਣਾਇਆ ਜਾਵੇ ਤਾਂ ਜੋ ਵਿਕਾਸ ਕੰਮਾਂ ਦੀ ਪ੍ਰਕਿਰਿਆ ਜਾਰੀ ਰਹਿ ਸਕੇ | ਇਸ ਤੋਂ ਪਹਿਲਾਂ ਵਿਧਾਇਕ ਘੁੰਮਣ ਨੇ ਵੀ ਸੰਬੋਧਨ ਕਰਦਿਆਂ ਸੰਤੁਸ਼ਟੀ ਜ਼ਾਹਿਰ ਕੀਤੀ ਕਿ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਤਕਰੀਬਨ ਪੂਰੇ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੇ ਬਿਨਾਂ ਕਿਸੇ ਭੇਦਭਾਵ ਦੇ ਹਰ ਵਰਗ ਲਈ ਯੋਜਨਾਵਾਂ ਲਾਗੂ ਕੀਤੀਆਂ ਹਨ ਜੋ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ | ਉਨ੍ਹਾਂ ਦੱਸਿਆ ਕਿ ਹਲਕੇ ਵਿਚ ਸ਼ੁਰੂ ਕੀਤੇ ਗਏ ਆਮ ਆਦਮੀ ਕਲੀਨਿਕ, ਹੈਲਥ ਵੈਲਨੈਸ ਸੈਂਟਰਾਂ ਦੀ ਉਸਾਰੀ ਤੇ ਖੇਡ ਪਾਰਕਾਂ ਦਾ ਨਿਰਮਾਣ ਸਰਕਾਰ ਦੀ ਵਿਕਾਸ ਮੁਖੀ ਸੋਚ ਦਾ ਨਤੀਜਾ ਹੈ | ਇਸ ਤੋਂ ਪਹਿਲਾਂ ਡਾਕਟਰ ਸ਼ਿਵ ਦੱਤ ਭਟੇੜ ਨੇ ਵੀ ਸੰਬੋਧਨ ਕਰਦਿਆਂ ਵਿਧਾਇਕ ਘੁੰਮਣ ਵਲੋਂ ਇਲਾਕੇ 'ਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਦਾ ਵੇਰਵਾ ਦਿੰਦਿਆਂ ਘੁੰਮਣ ਨੂੰ ਮਿਹਨਤੀ ਤੇ ਕਰਮ ਜੋਗੀ ਵਿਧਾਇਕ ਦੱਸਿਆ | ਇਸ ਮੌਕੇ ਪੰਚਾਇਤ ਵਲੋਂ ਸਾਂਸਦ ਡਾਕਟਰ ਰਾਜ ਕੁਮਾਰ ਚੱਬੇਵਾਲ, ਵਿਧਾਇਕ ਘੁੰਮਣ ਨੂੰ ਸਨਮਾਨਿਤ ਕੀਤਾ | ਇਸ ਮੌਕੇ ਵਿਧਾਇਕ ਘੁੰਮਣ ਨੇ ਪਿੰਡ ਦੇ ਵਿਕਾਸ ਲਈ ਕਰੀਬ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ |