ਸੈਲਾ ਖੁਰਦ, 14 ਜੂਨ (ਹਰਵਿੰਦਰ ਸਿੰਘ ਬੰਗਾ)-ਸਥਾਨਕ ਕੁਆਂਟਮ ਪੇਪਰ ਮਿੱਲ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਤੇ ਦੂਸ਼ਿਤ ਹੋਏ ਪਾਣੀ ਦੀ ਸਮੱਸਿਆ ਸੰਬੰਧੀ ਮਿਲ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ ਗਿਆ ਪਰ ਇਹ ਮਸਲਾ ਹੱਲ ਨਾ ਹੋਣ ਕਰਕੇ ਅਨੇਕਾਂ ਪਿੰਡਾਂ ਦੇ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣੇ ਕਰ ਰਹੇ ਹਨ | ਇਸ ਸਮੱਸਿਆ ਨੂੰ ਲੈ ਕੇ ਸੰਜੀਵ ਬੌਬੀ, ਡਾ. ਦਵਿੰਦਰ ਕੁਮਾਰ ਚੱਢਾ, ਪ੍ਰਵੇਸ਼ ਗੁਪਤਾ, ਜਗਦੀਸ਼ ਬਾਂਸਲ, ਹਰਭਜਨ ਸਿੰਘ, ਡਾ. ਏ. ਐਲ. ਵਧਵਾ, ਠਾਕੁਰ ਅਸ਼ਵਨੀ ਕੁਮਾਰ, ਵਿਪਨ ਅਗਰਵਾਲ, ਰਿੰਕੂ ਚਾਂਦਪੁਰੀ ਸਮੇਤ ਹੋਰ ਸਾਥੀਆਂ ਦੀ ਟੀਮ ਵਲੋਂ ਵੱਖ-ਵੱਖ ਪਿੰਡਾਂ 'ਚ ਲੋਕਾਂ ਨੂੰ ਜਾਗਰੂਕਤਾ ਕਰਨ ਸੰਬੰਧੀ ਦਸਤਖਤ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਇਲਾਕੇ ਦੇ ਅਨੇਕਾਂ ਪਿੰਡਾਂ 'ਚ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਪਿੰਡ ਬੀਹੜ੍ਹਾ ਵਿਖੇ ਇਕ ਜਨਤਕ ਇਕੱਠ ਦੌਰਾਨ ਸਰਪੰਚ ਗੋਲਡੀ ਸਿੰਘ, ਜਥੇਦਾਰ ਨਿਰਮਲ ਸਿੰਘ, ਸੁਖਵਿੰਦਰ ਸਿੰਘ ਸੰਧੂ ਪੰਚ ਅਤੇ ਹੈਰੀਬਲ ਵਲੋਂ ਸਾਂਝੇ ਤੌਰ 'ਤੇ ਕਿਹਾ ਕਿ ਇਲਾਕੇ ਵਿਚ ਨੌਜਵਾਨਾਂ ਦੇ ਰੁਜ਼ਗਾਰ ਸੰਬੰਧੀ ਅਜਿਹੇ ਪ੍ਰਾਜੈਕਟ ਲਾਹੇਵੰਦ ਹਨ ਪਰ ਇਲਾਕੇ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ 'ਤੇ ਨੌਕਰੀ ਨਹੀਂ ਦਿੱਤੀ ਜਾਂਦੀ, ਜਦਕਿ ਬਾਹਰਲੇ ਸੂਬਿਆਂ ਤੋਂ ਆਏ ਪ੍ਰਵਾਸੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਜੋ ਕਿ ਪੰਜਾਬੀਆਂ ਨਾਲ ਸਰਾਸਰ ਧੱਕਾ ਤੇ ਬੇਇਨਸਾਫੀ ਹੈ | ਸਰਪੰਚ ਗੋਲਡੀ ਸਿੰਘ ਨੇ ਕਿਹਾ ਕਿ ਪੌਣ ਤੇ ਪਾਣੀ ਕੁਦਰਤੀ ਸੋਮੇ ਹਨ ਜੋ ਹਰੇਕ ਮਨੁੱਖ ਲਈ ਨਰੋਈ ਸਿਹਤ ਲਈ ਜ਼ਰੂਰੀ ਹਨ ਪਰ ਦੁੱਖ ਦੀ ਗੱਲ ਹੈ ਕਿ ਇਹ ਕੁਦਰਤੀ ਸੋਮਿਆਂ ਦੇ ਤਹਿਸ ਨਹਿਸ ਹੋਣ ਕਾਰਨ ਇਲਾਕੇ ਦੇ ਅਨੇਕਾਂ ਪਿੰਡਾਂ ਦੇ ਲੋਕ ਵੱਖ-ਵੱਖ ਭਿਆਨਕ ਬਿਮਾਰੀਆਂ ਦੀ ਲਪੇਟ 'ਚ ਜਕੜੇ ਪਏ ਹਨ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ, ਪੰਜਾਬ ਪ੍ਰਦੂਸ਼ਣ ਬੋਰਡ ਤੇ ਸੰਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਮਿੱਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਕਰਕੇ ਪੀੜਤ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਨਹੀਂ ਸੰਘਰਸ਼ ਕਮੇਟੀ ਲੋਕਾਂ ਨੂੰ ਲਾਮਬੰਦ ਕਰਕੇ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ | ਇਸ ਸੰਬੰਧੀ ਜਦੋਂ ਕੁਆਂਟਮ ਮਿਲ ਦੇ ਪ੍ਰਬੰਧਕ ਅਧਿਕਾਰੀ ਅਜੇਸ਼ ਗੁਪਤਾ ਨੇ ਦੱਸਿਆ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਮਿੱਲ 'ਚੋਂ ਕੈਮੀਕਲ ਰਿਸਾਅ ਹੋਇਆ ਸੀ, ਜਿਸ ਨੂੰ ਦਰੁਸਤ ਕੀਤਾ ਗਿਆ ਹੈ |