ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਪਿ੍ਤਪਾਲ ਸਿੰਘ ਚੌਟਾਲਾ ਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸਿ.) ਹਰਜਿੰਦਰ ਕੌਰ ਨੂੰ ਅਧਿਆਪਕ ਮੰਗਾਂ ਸੰਬੰਧੀ ਮਿਲਿਆ ਤੇ ਉਨ੍ਹਾਂ ਦਾ ਅਹੁਦਾ ਸੰਭਾਲਣ 'ਤੇ ਸਵਾਗਤ ਕੀਤਾ | ਇਸ ਮੌਕੇ ਵਫ਼ਦ ਨੇ ਪ੍ਰਾਇਮਰੀ ਵਿਭਾਗ 'ਚ ਲੰਮੇ ਸਮੇਂ ਤੋਂ ਲਟਕ ਰਹੀਆਂ ਈ. ਟੀ. ਟੀ. ਤੋਂ ਐੱਚ. ਟੀ. ਤੇ ਐੱਚ. ਟੀ. ਤੋਂ ਸੀ. ਐੱਚ. ਟੀ. ਪ੍ਰਮੋਸ਼ਨਾਂ ਜਲਦ ਕਰਨ ਦੀ ਮੰਗ ਕੀਤੀ | ਜਿਸ 'ਤੇ ਡੀ. ਈ. ਓ. ਮੈਡਮ ਹਰਜਿੰਦਰ ਕੌਰ ਜਿਨ੍ਹਾਂ ਕੋਲ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਦਾ ਵਾਧੂ ਚਾਰਜ ਵੀ ਹੈ, ਨੇ ਮੌਕੇ 'ਤੇ ਹੀ ਆਪਣੇ ਦਫ਼ਤਰੀ ਅਮਲੇ ਨੂੰ ਇਸ ਕੰਮ ਨੂੰ ਜਲਦ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ ਤੇ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਪ੍ਰਮੋਸ਼ਨਾਂ ਨੂੰ ਜਲਦ ਤੇ ਪਹਿਲ 'ਤੇ ਕੀਤਾ ਜਾਵੇਗਾ | ਯੂਨੀਅਨ ਦੇ ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ਼ ਅਧਿਆਪਕ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ | ਜਿਸ 'ਤੇ ਡੀ. ਈ. ਓ. ਹਰਜਿੰਦਰ ਕੌਰ ਨੇ ਕਿਹਾ ਕਿ ਅਧਿਆਪਕ ਆਪਣੀਆਂ ਜਾਇਜ਼ ਸਮੱਸਿਆਵਾਂ ਲੈ ਕੇ ਉਨ੍ਹਾਂ ਨੂੰ ਦਫ਼ਤਰ ਆ ਕੇ ਮਿਲ ਸਕਦੇ ਹਨ | ਇਸ ਮੌਕੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਅਮਨਦੀਪ ਸ਼ਰਮਾ ਤੋਂ ਇਲਾਵਾ ਸੁਨੀਲ ਸ਼ਰਮਾ, ਪ. ਸ. ਸ. ਫ਼. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਵਰਿੰਦਰ ਵਿੱਕੀ ਲੈਕਚਰਾਰ ਅਮਰ ਸਿੰਘ, ਸੰਜੀਵ ਧੂਤ, ਸਰਬਜੀਤ ਸਿੰਘ ਕੰਗ, ਵਿਕਾਸ ਸ਼ਰਮਾ ਨਸਰਾਲਾ, ਪਿ੍ੰਸ ਗੜ੍ਹਦੀਵਾਲਾ, ਸਚਿਨ ਕੁਮਾਰ, ਨਰਿੰਦਰ ਅਜਨੋਹਾ, ਰਜਤ ਮਹਾਜਨ, ਪਰਮਜੀਤ ਕਾਤਿਬ, ਸਚਿਨ ਗੜ੍ਹਦੀਵਾਲਾ, ਰਾਜ ਕੁਮਾਰ, ਸਰਬਜੀਤ ਸਿੰਘ ਆਦਿ ਹਾਜ਼ਰ ਸਨ |