ਤਲਵਾੜਾ, 1 ਜੁਲਾਈ (ਐੱਚ.ਐੱਸ.ਮਿੱਠੂ)- ਤਲਵਾੜਾ ਸ਼ਹਿਰ ਦੇ ਕਈ ਇਲਾਕਿਆਂ ਵਿਚ ਵਾਟਰ ਸਪਲਾਈ ਰਾਹੀਂਂ ਗੰਦਾ, ਮੈਲਾ ਅਤੇ ਦੂਸ਼ਿਤ ਪਾਣੀ ਆਉਣ ਕਾਰਨ ਲੋਕਾਂ ਵਿਚ ਭਾਰੀ ਰੋਸ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਘਰਾਂ ਦੇ ਨਲਕਿਆਂ ਵਿਚੋਂ ਆ ਰਹੇ ਪਾਣੀ ਦਾ ਰੰਗ ਬਦਲਿਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਇਸ ਵਿਚ ਗੰਦਗੀ ਸਾਫ਼ ਨਜ਼ਰ ਆ ਰਹੀ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਅਜਿਹਾ ਪਾਣੀ ਪੀਣ ਜਾਂ ਰੋਜ਼ਾਨਾ ਵਰਤੋਂ ਲਈ ਬਿਲਕੁਲ ਵੀ ਯੋਗ ਨਹੀਂ ਹੈ। ਲੋਕਾਂ ਦਾ ਦੋਸ਼ ਹੈ ਕਿ ਗੰਦੇ ਪਾਣੀ ਦੀ ਸਪਲਾਈ ਨਾ ਸਿਰਫ਼ ਉਨ੍ਹਾਂ ਦੀ ਸਿਹਤ ਲਈ ਖ਼ਤਰਾ ਬਣ ਰਹੀ ਹੈ, ਸਗੋਂ ਘਰਾਂ ਵਿਚ ਲੱਗੇ ਮਹਿੰਗੇ ਆਰ.ਓ. ਵਾਟਰ ਪਿਊਰੀਫਾਇਰ ਸਿਸਟਮਾਂ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ। ਗੰਦੇ ਅਤੇ ਮਿੱਟੀ ਵਾਲੇ ਪਾਣੀ ਕਾਰਨ ਆਰ.ਓ. ਦੇ ਫ਼ਿਲਟਰ ਅਤੇ ਮੈਮਬਰੇਨ ਸਮੇਂ ਤੋਂ ਪਹਿਲਾਂ ਖ਼ਰਾਬ ਹੋ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਵਾਰ-ਵਾਰ ਉਨ੍ਹਾਂ ਦੀ ਸਰਵਿਸ ਅਤੇ ਬਦਲੀ ’ਤੇ ਵਾਧੂ ਖ਼ਰਚ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਘਰਾਂ ਵਿਚ ਪੀਣ ਵਾਲੇ ਪਾਣੀ ਲਈ ਬਣਾਏ ਗਏ ਸਟੋਰੇਜ ਟੈਂਕ, ਸਿੰਟੈਕਸ ਟੈਂਕੀਆਂ ਤੇ ਹੋਰ ਪਾਣੀ ਸਟੋਰ ਕਰਨ ਵਾਲੇ ਭਾਂਡਿਆਂ ਵਿਚ ਵੀ ਗੰਦਗੀ ਅਤੇ ਤਲਛਟ ਜਮ੍ਹਾਂ ਹੋ ਰਹੀ ਹੈ। ਇਸ ਕਾਰਨ ਲੋਕਾਂ ਨੂੰ ਉਨ੍ਹਾਂ ਦੀ ਵਾਰ-ਵਾਰ ਸਫ਼ਾਈ ਕਰਨੀ ਪੈ ਰਹੀ ਹੈ ਤੇ ਫਿਰ ਵੀ ਸਾਫ਼ ਪਾਣੀ ਮਿਲਣ ਦੀ ਕੋਈ ਗਾਰੰਟੀ ਨਹੀਂ ਰਹਿੰਦੀ। ਵਸਨੀਕਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦਾ ਸਮਾਂ, ਪੈਸਾ ਅਤੇ ਮਿਹਨਤ ਤਿੰਨੇ ਬਰਬਾਦ ਹੋ ਰਹੇ ਹਨ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਸਥਿਤੀ ਵਾਟਰ ਸਪਲਾਈ ਪ੍ਰਣਾਲੀ ਦੀ ਲਾਪਰਵਾਹੀ ਅਤੇ ਰੱਖ-ਰਖਾਅ ਦੀ ਕਮੀ ਨੂੰ ਦਰਸਾਉਂਦੀ ਹੈ। ਗੰਦੇ ਪਾਣੀ ਕਾਰਨ ਡਾਇਰੀਆ, ਟਾਈਫ਼ਾਈਡ, ਪੀਲੀਆ ਅਤੇ ਹੋਰ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਗਿਆ ਹੈ। ਸਭ ਤੋਂ ਵਧ ਚਿੰਤਾ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਦੀ ਸਿਹਤ ਨੂੰ ਲੈ ਕੇ ਪ੍ਰਗਟ ਕੀਤੀ ਜਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਉਹ ਸਾਫ਼ ਪੀਣ ਵਾਲੇ ਪਾਣੀ ਲਈ ਨਿਯਮਿਤ ਤੌਰ ’ਤੇ ਬਿੱਲ ਅਦਾ ਕਰਦੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਗੰਦਾ ਪਾਣੀ ਮਿਲ ਰਿਹਾ ਹੈ। ਇਸ ਕਾਰਨ ਕਈ ਪਰਿਵਾਰਾਂ ਨੂੰ ਪੀਣ ਲਈ ਬਾਜ਼ਾਰ ਤੋਂ ਪਾਣੀ ਖ਼ਰੀਦਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ’ਤੇ ਵਾਧੂ ਆਰਥਿਕ ਬੋਝ ਪੈ ਰਿਹਾ ਹੈ। ਇਲਾਕਾ ਵਾਸੀਆਂ ਦੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਹੈ ਕਿ ਵਾਟਰ ਸਪਲਾਈ ਵਿਭਾਗ ਤੁਰੰਤ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਵਾਏ, ਪਾਈਪ ਲਾਈਨਾਂ ਅਤੇ ਸਟੋਰੇਜ ਪ੍ਰਣਾਲੀ ਦੀ ਪੂਰੀ ਜਾਂਚ ਕਰੇ, ਗੰਦੇ ਪਾਣੀ ਦੇ ਅਸਲ ਕਾਰਨਾਂ ਨੂੰ ਜਨਤਕ ਕਰੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।