ਹੁਸ਼ਿਆਰਪੁਰ, 14 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ, ਆਈ.ਏ.ਐੱਸ. ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਜ਼ਿਲੇ੍ਹ ਵਿਚ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੇ ਅਤੇ ਮਿਆਰੀ ਖਾਣ ਵਾਲੇ ਪਦਾਰਥ ਉਪਲਬਧ ਕਰਵਾਉਣ ਲਈ ਖਾਣ ਸੁਰੱਖਿਆ ਵਿਭਾਗ ਵੱਲੋਂ ਲਗਾਤਾਰ ਨਿਗਰਾਨੀ ਅਤੇ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਪ੍ਰਾਪਤ ਸ਼ਿਕਾਇਤ ਦੇ ਆਧਾਰ ’ਤੇ ਫੂਡ ਸੇਫ਼ਟੀ ਅਫ਼ਸਰ ਵਿਵੇਕ ਕੁਮਾਰ ਅਤੇ ਫੂਡ ਸੇਫ਼ਟੀ ਟੀਮ ਮੈਂਬਰ ਰਾਮ ਲੁਭਾਇਆ ਤੇ ਲੈਬਾਰਟਰੀ ਟੈਕਨੀਸ਼ੀਅਨ (ਐਲ.ਟੀ.) ਰਾਜਵੀਰ ਕੌਰ ਵੱਲੋਂ ਸ਼ਹਿਰ ਦੇ ਦੋ ਖਾਣ-ਪੀਣ ਵਾਲੇ ਅਦਾਰਿਆਂ, ਜਿਨ੍ਹਾਂ ਵਿਚ ਇਕ ਰੈਸਟੋਰੈਂਟ ਅਤੇ ਇਕ ਹਲਵਾਈ ਦੀ ਦੁਕਾਨ ਸ਼ਾਮਲ ਸੀ, ਦੀ ਅਚਨਚੇਤ ਜਾਂਚ ਕੀਤੀ ਗਈ। ਜਾਂਚ ਦੌਰਾਨ ਖਾਣ ਵਾਲੇ ਪਦਾਰਥਾਂ ਦੀ ਤਿਆਰੀ, ਸਟੋਰੇਜ, ਸਾਫ਼-ਸਫ਼ਾਈ ਅਤੇ ਵਰਤੇ ਜਾ ਰਹੇ ਕੱਚੇ ਮਾਲ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਗੁਣਵੱਤਾ ਦੀ ਪੁਸ਼ਟੀ ਲਈ ਹਲਵਾਈ ਦੀ ਦੁਕਾਨ ਤੋਂ ਦਹੀਂ ਦਾ ਇੱਕ ਸੈਂਪਲ ਅਤੇ ਰੈਸਟੋਰੈਂਟ ਤੋਂ ਵਰਤੋਂ ਵਿਚ ਲਿਆਂਦੇ ਜਾ ਰਹੇ ਕੁਕਿੰਗ ਆਇਲ ਅਤੇ ਵੈਜ ਗ੍ਰੇਵੀ ਦੇ ਇਕ-ਇਕ ਸੈਂਪਲ ਭਰੇ ਗਏ। ਕੁੱਲ ਤਿੰਨ ਸੈਂਪਲ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਸੀਲ ਕਰਕੇ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬਾਰਟਰੀ ਭੇਜੇ ਗਏ ਹਨ। ਲੈਬਾਰਟਰੀ ਤੋਂ ਪ੍ਰਾਪਤ ਹੋਣ ਵਾਲੀ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਿਜ਼ਾਈਨੇਟਿਡ ਅਫ਼ਸਰ-ਕਮ-ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਨੇ ਕਿਹਾ ਕਿ ਖਾਣ ਵਾਲੇ ਪਦਾਰਥਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਰੈਸਟੋਰੈਂਟ ਤੇ ਹਲਵਾਈ ਦੀ ਦੁਕਾਨ ਦੀ ਅਚਨਚੇਤ ਜਾਂਚ, ਖਾਣ ਵਾਲੇ ਪਦਾਰਥਾਂ ਦੇ ਸੈਂਪਲ ਭਰੇ
ਅਜੀਤ ਡੈਸਕ
15-07-2026