ਹੁਸ਼ਿਆਰਪੁਰ, 14 ਜੁਲਾਈ (ਨਰਿੰਦਰ ਸਿੰਘ ਬੱਡਲਾ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ ਦੇ ਦਿਸਾ ਨਿਰਦੇਸ਼ਾਂ ਤਹਿਤ ਕੌਮੀ ਜਨਰਲ ਸਕੱਤਰ ਅਵਤਾਰ ਸਿੰਘ ਜੌਹਲ ਦੀ ਅਗਵਾਈ ‘ਚ ‘ਸਤਲੁਜ’ ਫ਼ਿਲਮ ਨੂੰ ਤੁਰੰਤ ਰਿਲੀਜ਼ ਕਰਨ ਦੀ ਮੰਗ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਰਾਹੀਂ ਮੰਗ ਪੱਤਰ ਭੇਜਿਆ ਗਿਆ। ਡਿਪਟੀ ਕਮਿਸ਼ਨਰ ਦੀ ਗੈਰ-ਮੌਜੂਦਗੀ ‘ਚ ਇਹ ਮੰਗ ਪੱਤਰ ਤਹਿਸੀਲਦਾਰ ਹੁਸ਼ਿਆਰਪੁਰ ਵਲੋਂ ਪ੍ਰਾਪਤ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਜੌਹਲ ਸਮੇਤ ਹੋਰਨਾਂ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ‘95 ਫ਼ਿਲਮ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਕੀਤੀ ਜਾਣੀ ਜ਼ਰੂਰੀ ਹੈ ਅਤੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕਰਨ ਵਾਲੇ ਮੁਜਰਮ ਡੀ.ਐੱਸ.ਪੀ ਜਸਪਾਲ ਸਿੰਘ ਨੂੰ ਲੱਭਿਆ ਜਾਵੇ ਤੇ 1980 ਤੋਂ 95 ਤੱਕ ਵਾਪਰੇ ਘਟਨਾ ਕਰਮ ਦੀ ਜਾਂਚ ਲਈ ਤੁਰੰਤ ਕਮਿਸ਼ਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਖਾਲੜਾ ਕੇਸ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਬੰਸ ਸਿੰਘ ਮੰਝਪੁਰ, ਕੌਮੀ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਜੰਡਾ, ਕੌਮੀ ਮੀਤ ਪ੍ਰਧਾਨ ਤਰਸੇਮ ਸਿੰਘ ਜਸੋਵਾਲ, ਸਕੱਤਰ ਜਨਰਲ ਸੁਖਵਿੰਦਰ ਸਿੰਘ ਮੂਨਕ, ਨਿਰਮਲ ਸਿੰਘ ਮੁਕੇਰੀਆਂ, ਲਖਵੰਤ ਸਿੰਘ ਚੀਮਾ ਦਸੂਹਾ, ਕਿਰਪਾਲ ਸਿੰਘ ਜਾਜਾ, ਮਦਨ ਮੋਹਨ ਸਿੰਘ ਮੂਸਾ ਸ਼ਾਮਚੁਰਾਸੀ, ਸੁਖਵਿੰਦਰ ਸਿੰਘ ਸੈਣੀ ਹੁਸ਼ਿਆਰਪੁਰ, ਰਵਿੰਦਰ ਸਿੰਘ ਮੋਮੀ, ਬਲਵਿੰਦਰ ਸਿੰਘ ਮਿਆਣੀ, ਰਤਨ ਸਿੰਘ ਖੋਖਰ, ਅਮਰਜੀਤ ਸਿੰਘ ਖੋਖਰ, ਬਾਬਾ ਬਲਬੀਰ ਸਿੰਘ ਆਦਿ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਡੀ.ਸੀ. ਰਾਹੀਂ ਕੇਂਦਰੀ ਗ੍ਰਹਿ ਮੰਤਰੀ ਨੂੰ ਭੇਜਿਆ ਮੰਗ ਪੱਤਰ, ਮਾਮਲਾ ‘ਸਤਲੁਜ’ ਫ਼ਿਲਮ ’ਤੇ ਲਗਾਈ ਰੋਕ ਦਾ
ਅਜੀਤ ਡੈਸਕ
15-07-2026