02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

15-07-26

Ad Position 21
No active advertisement
ਅਜੀਤ ਡੈਸਕ 15-07-2026

 ਵੰਡਦੇ ਰਹੋ ਦੁੱਖ-ਸੁੱਖ

ਆਧੁਨਿਕ ਸਮੇਂ ਨੇ ਅਜਿਹੀ ਕਰਵਟ ਲਈ ਹੈ ਕਿ ਮਨੁੱਖ ਬਹੁਤ ਜ਼ਿਆਦਾ ਸਵਾਰਥੀ ਬਿਰਤੀ ਦਾ ਹੋ ਗਿਆ ਹੈ, ਉਹ ਸਾਰਾ ਕੁਝ ਆਪ ਹੀ ਇਕੱਠਾ ਕਰਨਾ ਚਾਹੁੰਦਾ ਹੈ, ਸਾਰੀ ਦੁਨੀਆ ਦੀ ਮਾਇਆ ਉਸ ਨੂੰ ਲਗਦਾ ਹੈ ਕਿ ਉਸ ਕੋਲ ਹੀ ਹੋਣੀ ਚਾਹੀਦੀ ਹੈ, ਉਹ ਸਾਰਾ ਦਿਨ ਮੋਬਾਈਲ 'ਚ ਪੈਸੇ ਇਕੱਠੇ ਕਰਨ ਤੇ ਪ੍ਰੇਰਤ ਕਰਨ ਦੀਆਂ ਵੀਡੀਓ ਹੀ ਸਕਰੋਲ ਕਰੀ ਜਾਂਦਾ ਹੈ। ਸੱਥ ਵਿਚ ਬੈਠਣ ਤੇ ਹਾਸਾ ਠੱਠਾ ਉਡਾਉਂਦਿਆਂ ਕਿਸੇ ਨੂੰ ਟਿੱਚਰ ਕਰ ਦੇਣੀ ਕਿਸੇ ਵਡੇਰੇ ਤੋਂ ਦੋ ਗਾਲ੍ਹਾਂ ਸੁਣ ਲੈਣੀਆਂ ਪਰ ਗੁੱਸਾ ਨਾ ਮਨਾਉਣਾ ਕਿਉਂਕਿ ਇਕ-ਦੂਜੇ ਤੱਕ ਲੋੜ ਪੈਂਦੀ ਸੀ, ਹੁਣ ਇਕ ਗੁਆਂਢੀ ਦੂਜੇ ਨਾਲ ਨਹੀਂ ਬੋਲਦਾ, ਉਸ ਦਾ ਵੱਡਾ ਕਾਰਨ ਸਰਕਾਰੀ ਸਕੀਮਾਂ ਨੇ ਜੋ ਰਾਸ਼ਨ, ਬਿਜਲੀ, ਲੋਕਾਂ ਨੂੰ ਮੁਫ਼ਤ ਦੇ ਰਹੀਆਂ ਨੇ, ਉਪਰੋਂ ਹੁਣ ਪੈਸੇ ਵੀ ਵੰਡ ਰਹੀਆਂ ਨੇ, ਜਿਸ ਨੂੰ ਬੈਠੇ-ਬੈਠੇ ਮੁਢਲੀਆਂ ਲੋੜਾਂ ਪੂਰੀਆਂ ਹੋਈ ਜਾਣ, ਉਨ੍ਹਾਂ ਨੇ ਕੰਮ ਕੀ ਕਰਨਾ ਤੇ ਕਿਸੇ ਤੱਕ ਲੋੜ ਕੀ ਪੈਣੀ, ਇਸ ਕਰਕੇ ਲੋਕ ਮਤਲਬੀ ਹੋ ਰਹੇ ਨੇ। ਲੋਕ ਪਾਣੀ ਭਰਨ ਖੂਹਾਂ 'ਤੇ ਜਾਂਦੇ ਹੋਏ ਹੀ ਸੁੱਖ-ਦੁੱਖ ਕਰ ਆਉਂਦੇ, ਉਦੋਂ ਢਿੱਡ ਭਰਨਾ ਹੀ ਮਨੁੱਖ ਦੇ ਸਭ ਤੋਂ ਵੱਡੇ ਉਦੇਸ਼ਾਂ 'ਚੋਂ ਇਕ ਸੀ, ਹੁਣ ਜੇਕਰ ਕੋਈ ਬੰਦਾ ਪਿੰਡ ਦੀ ਮੋਟਰ ਜਾਂ ਰਸਤੇ 'ਚ ਮਿਲ ਜਾਵੇ ਤਾਂ ਸਭ ਤੋਂ ਪਹਿਲਾਂ ਇਹ ਪੁੱਛਦਾ ਹੈ, 'ਕੀ ਕਰਦੈਂ ਫੇਰ ਅੱਜਕਲ੍ਹ।' ਜੇਕਰ ਅੱਗੋਂ ਬੰਦਾ ਕਹੇ ਵੀ ਬੱਸ ਪਰਮਾਤਮਾ ਦੀ ਕਿਰਪਾ ਨਾਲ ਸਮਾਂ ਲੰਘ ਰਿਹਾ ਤਾਂ ਉਸ ਨੂੰ ਫੇਲ੍ਹ ਹੀ ਮੰਨ ਲਿਆ ਜਾਂਦਾ ਹੈ। ਮਨੁੱਖ ਮਟੀਰੀਅਲ ਚੀਜ਼ਾਂ ਨੂੰ ਹੀ ਦੌਲਤ ਸਮਝੀ ਜਾਂਦਾ ਹੈ, ਅੱਗੇ ਜਿਸ ਦੇ ਘਰ ਪਸ਼ੂ ਨਹੀਂ ਸਨ ਹੁੰਦੇ, ਉਸ ਬੰਦੇ ਨੂੰ ਲੋਕ ਪਸੰਦ ਨਹੀਂ ਸਨ ਕਰਦੇ, ਹੁਣ ਜ਼ਮਾਨਾ ਹੀ ਉਲਟਾ ਆ ਗਿਆ, ਕੁੜੀਆਂ-ਪਸ਼ੂਆਂ ਵਾਲਿਆਂ ਦੇ ਘਰ ਵਿਆਹ ਹੀ ਨਹੀਂ ਕਰਵਾਉਣਾ ਚਾਹੁੰਦੀਆਂ। ਮਨੁੱਖ ਨੂੰ ਸਮੇਂ ਨਾਲ ਬਦਲਣਾ ਵੀ ਚਾਹੀਦਾ ਹੈ ਪਰ ਏਨਾ ਵੀ ਨਹੀਂ ਕਿ ਆਪਣੇ ਹੀ ਪੁੱਟੇ ਹੋਏ ਟੋਏ ਵਿਚ ਡਿੱਗ ਪਵੋ। ਮਨੁੱਖ ਸਮਾਜਿਕ ਪ੍ਰਾਣੀ ਹੈ ਇਹ ਬਿਨਾਂ ਸਮਾਜ ਤੋਂ ਰਹਿ ਨਹੀਂ ਸਕਦਾ, ਇਸ ਕਰਕੇ ਮਿਲਦੇ ਰਹੋ ਤੇ ਦੁੱਖ-ਸਾਂਝੇ ਕਰਦੇ ਰਹੋ।

-ਸਰਬਜੀਤ ਸਿੰਘ ਜੱਸੜ
ਮੰਡੀ ਗੋਬਿੰਦਗੜ੍ਹ।

ਬਹੁਤ ਕੀਮਤੀ ਹੈ ਜ਼ਿੰਦਗੀ

ਗਰਮੀ ਦੇ ਕੁਝ ਪਲਾਂ ਦਾ ਸਵਾਦ, ਕਿਤੇ ਸਾਰੀ ਉਮਰ ਦਾ ਪਛਤਾਵਾ ਨਾ ਬਣ ਜਾਵੇ। ਗਰਮੀ ਦੇ ਮੌਸਮ ਵਿਚ ਠੰਢਕ ਦੀ ਭਾਲ ਹਰ ਕੋਈ ਕਰਦਾ ਹੈ। ਬੁਹਤ ਸਾਰੇ ਨੌਜਵਾਨ ਦੋਸਤਾਂ ਨਾਲ ਮਿਲ ਕੇ ਨਹਿਰਾਂ, ਕੱਸੀਆਂ, ਸੂਇਆਂ, ਡੈਮਾਂ ਜਾਂ ਦਰਿਆਵਾਂ ਵਿਚ ਨਹਾਉਣ ਚਲੇ ਜਾਂਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਇਹ ਸਿਰਫ਼ ਮਨੋਰੰਜਨ ਹੈ, ਪਰ ਕਈ ਵਾਰ ਇਹ ਕੁਝ ਮਿੰਟਾਂ 'ਚ ਰੋਮਾਂਚ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸਾਬਤ ਹੋ ਜਾਂਦਾ ਹੈ। ਨਹਿਰ ਦਾ ਪਾਣੀ ਉੱਪਰੋਂ ਸ਼ਾਂਤ ਦਿਖਾਈ ਦਿੰਦਾ ਹੈ, ਪਰ ਅੰਦਰ ਤੇਜ਼ ਵਹਾਅ, ਡੂੰਘਾਈ ਅਤੇ ਭੰਵਰ ਹੁੰਦੇ ਹਨ। ਇਕ ਤਜਰਬੇਕਾਰ ਤੈਰਾਕ ਵੀ ਕਈ ਵਾਰ ਇਸ ਵਹਾਅ ਅੱਗੇ ਬੇਵੱਸ ਹੋ ਜਾਂਦਾ ਹੈ। ਪਾਣੀ ਵਿਚ ਪੈਰ ਫਿਸਲਣਾ, ਡੂੰਘਾਈ ਦਾ ਅੰਦਾਜ਼ਾ ਨਾ ਹੋਣਾ, ਅਚਾਨਕ ਕਰੰਟ ਵਰਗਾ ਤੇਜ਼ ਵਹਾਅ ਜਾਂ ਥਕਾਵਟ-ਇਹ ਸਭ ਕੁਝ ਸਕਿੰਟਾਂ ਵਿਚ ਵੱਡਾ ਹਾਦਸਾ ਬਣ ਸਕਦਾ ਹੈ। ਕਈ ਨੌਜਵਾਨ ਵੀਡੀਓ ਬਣਾਉਣ, ਰੀਲਾਂ ਪਾਉਣ ਜਾਂ ਦੋਸਤਾਂ ਅੱਗੇ ਬਹਾਦਰੀ ਦਿਖਾਉਣ ਲਈ ਪੁਲਾਂ ਤੋਂ ਛਾਲਾਂ ਮਾਰਦੇ ਹਨ। ਸਭ ਤੋਂ ਵੱਡਾ ਦੁੱਖ ਉਸ ਪਰਿਵਾਰ ਨੂੰ ਹੁੰਦਾ ਹੈ, ਜੋ ਸਵੇਰੇ ਆਪਣੇ ਪੁੱਤ ਨੂੰ ਹੱਸਦਾ-ਖੇਡਦਾ ਘਰੋਂ ਜਾਂਦਾ ਦੇਖਦਾ ਹੈ ਅਤੇ ਸ਼ਾਮ ਨੂੰ ਉਸ ਦੀ ਲਾਸ਼ ਦੀ ਉਡੀਕ ਕਰਦਾ ਹੈ। ਮਾਪਿਆਂ ਦੇ ਸੁਪਨੇ, ਭੈਣ-ਭਰਾਵਾਂ ਦੀਆਂ ਖੁਸ਼ੀਆਂ ਅਤੇ ਪੂਰੇ ਪਰਿਵਾਰ ਦੀ ਦੁਨੀਆ ਇਕ ਪਲ ਵਿਚ ਉੱਜੜ ਜਾਂਦੀ ਹੈ।

-ਹਰੀਸ਼ ਹਰਫ਼

ਤੰਦਰੁਸਤ ਸਿਹਤ

ਮਾਨਸਿਕ ਅਤੇ ਸਰੀਰਕ ਤੌਰ 'ਤੇ ਹਰ ਮਨੁੱਖ ਦਾ ਮਨ ਅਤੇ ਤਨ ਊਰਜਾਵਾਨ ਹੋਵੇ, ਤਦ ਹੀ ਸਿਹਤ ਤੰਦਰੁਸਤ ਹੁੰਦੀ ਹੈ। ਤੰਦਰੁਸਤ ਵਿਅਕਤੀ ਨੂੰ ਸਹੀ ਸਮੇਂ ਉੱਪਰ ਭੁੱਖ ਪਿਆਸ ਲੱਗੇ ਅਤੇ ਉਸ ਦਾ ਸਹੀ ਸਮੇਂ 'ਤੇ ਜਾਗਣਾ ਤੇ ਸੌਣਾ ਹੋਵੇ। ਸੌਣ ਵਾਲੇ ਬਿਸਤਰ 'ਤੇ ਪੈਣ ਸਾਰ ਨੀਂਦ ਦਾ ਆਉਣਾ ਤੰਦਰੁਸਤੀ ਦੀ ਨਿਸ਼ਾਨੀ ਹੈ। ਸਮੇਂ ਸਿਰ ਪਖਾਨਾ ਭਾਵ ਮਲ-ਮੂਤਰ ਦਾ ਤਿਆਗ ਹੋਵੇ। ਸਰੀਰ ਕਬਜ਼ ਰਹਿਤ ਹੋਵੇ। ਖ਼ੂਨ ਦਾ ਵਹਾਅ ਸਰੀਰ ਦੀਆਂ ਨਾੜੀਆਂ ਰਾਹੀਂ ਸਹੀ ਸਪਲਾਈ ਦਿੰਦਾ ਹੋਇਆ ਸਮਤੋਲ ਅਨੁਸਾਰ ਬਿਨਾਂ ਕਿਸੇ ਰੁਕਾਵਟ ਦੇ ਚਲਦਾ ਰਹੇ। ਤੁਰਦਿਆਂ-ਫਿਰਦਿਆਂ ਸਾਹ ਦੀ ਗਤੀ ਠੀਕ ਹੋਵੇ। ਤੰਦਰੁਸਤ ਬੰਦੇ ਦੇ ਚਿਹਰੇ ਉੱਪਰ ਨੂਰ ਝਲਕਦਾ ਹੈ। ਬੋਲ-ਬਾਣੀ ਦੀ ਸੁਰ ਸਰਲ ਸਹਿਜ ਅਤੇ ਮਿਠਾਸ ਭਰੀ ਹੁੰਦੀ ਹੈ। ਸੋ, ਤੰਦਰੁਸਤੀ ਹੀ ਇਨਸਾਨ ਨੂੰ ਅੰਦਰੋਂ-ਬਾਹਰੋਂ ਖੂਬਸੂਰਤੀ ਦੇ ਨਾਲ-ਨਾਲ ਮਜ਼ਬੂਤ ਬਣਾਉਂਦੀ ਹੈ। ਧੰਨ-ਦੌਲਤ, ਕੋਠੀ-ਕਾਰ ਤਾਂ ਹੀ ਚੰਗੀ ਹੈ, ਜੇ ਉਨ੍ਹਾਂ ਉੱਪਰ ਤੰਦਰੁਸਤ ਸਿਹਤ ਦੀ ਸਵਾਰੀ ਹੋਵੇ। ਸਿਹਤਮੰਦ ਵਿਅਕਤੀ ਦੂਜਿਆਂ ਲਈ ਪ੍ਰੇਰਨਾਸਰੋਤ ਬਣ ਜਾਂਦਾ ਹੈ।

-ਸਨੇਹਇੰਦਰ ਮੀਲੂ ਫਰੌਰ

ਲਾਵਾਰਸ ਕੁੱਤਿਆਂ ਦੀ ਸਮੱਸਿਆ

ਪਿਛਲੇ ਦਿਨੀਂ 'ਅਜੀਤ' 'ਚ ਪ੍ਰਕਾਸ਼ਿਤ ਸੰਪਾਦਕੀ 'ਵਕਤ ਦਾ ਤਕਾਜ਼ਾ' ਪੜ੍ਹਿਆ। ਲਾਵਾਰਸ ਕੁੱਤਿਆਂ ਕਾਰਨ ਵਾਪਰ ਰਹੀਆਂ ਦੁਖਦਾਈ ਘਟਨਾਵਾਂ ਨਿਸਚਿਤ ਹੀ ਬਹੁਤ ਚਿੰਤਾਜਨਕ ਹਨ। ਮਾਸੂਮ ਬੱਚਿਆਂ ਅਤੇ ਬੇਕਸੂਰ ਲੋਕਾਂ ਦੀ ਜਾਨ ਜਾਣਾ ਕਿਸੇ ਵੀ ਸੱਭਿਆਚਾਰਕ ਸਮਾਜ ਲਈ ਸਵੀਕਾਰਯੋਗ ਨਹੀਂ ਹੋ ਸਕਦਾ। ਪਰ ਇਸ ਸਮੱਸਿਆ ਦਾ ਹੱਲ ਕੇਵਲ ਗੁੱਸੇ, ਡਰ ਜਾਂ ਕੁੱਤਿਆਂ ਨੂੰ ਮਾਰ ਦੇਣ ਦੀ ਮੰਗ ਵਿਚ ਨਹੀਂ ਲੱਭਿਆ ਜਾ ਸਕਦਾ। ਇਹ ਸਮੱਸਿਆ ਸਾਲਾਂ ਦੀ ਪ੍ਰਸ਼ਾਸਨਿਕ ਲਾਪ੍ਰਵਾਹੀ, ਕੂੜਾ-ਕਰਕਟ ਦੇ ਗ਼ਲਤ ਪ੍ਰਬੰਧਨ, ਬੇਕਾਬੂ ਪ੍ਰਜਣਨ ਅਤੇ ਪਾਲਤੂ ਕੁੱਤਿਆਂ ਨੂੰ ਸੜਕਾਂ 'ਤੇ ਛੱਡਣ ਦੀ ਪ੍ਰਵਿਰਤੀ ਦਾ ਨਤੀਜਾ ਹੈ।
ਜੇ ਅਸੀਂ ਕਾਰਨਾਂ ਨੂੰ ਨਹੀਂ ਰੋਕਾਂਗੇ ਤਾਂ ਸਮੱਸਿਆ ਵਾਰ-ਵਾਰ ਖੜ੍ਹੀ ਹੋਵੇਗੀ। ਮੇਰੀ ਪੁਸਤਕ 'ਹੁਣ ਉਹ ਗੱਲਾਂ ਕਿੱਥੇ...' ਵਿਚ 2013 ਵਿਚ ਲਿਖੇ ਲੇਖ 'ਵਧ ਰਹੀ ਆਬਾਦੀ, ਇਕ ਭਿਆਨਕ ਵਿਸਫੋਟ' ਵਿਚ ਵੀ ਮੈਂ ਆਬਾਦੀ ਦੇ ਬੇਕਾਬੂ ਵਾਧੇ ਦੇ ਨਾਲ-ਨਾਲ ਜਾਨਵਰਾਂ ਦੀ ਵਧਦੀ ਗਿਣਤੀ, ਘਟਦੇ ਕੁਦਰਤੀ ਵਾਸ ਅਤੇ ਮਨੁੱਖ-ਜਾਨਵਰ ਟਕਰਾਅ ਦੀ ਚਿੰਤਾ ਪ੍ਰਗਟ ਕੀਤੀ ਸੀ। ਅੱਜ ਉਹ ਚਿੰਤਾ ਹਕੀਕਤ ਬਣ ਕੇ ਸਾਡੇ ਸਾਹਮਣੇ ਖੜ੍ਹੀ ਹੈ। ਲੋੜ ਇਸ ਗੱਲ ਦੀ ਹੈ ਕਿ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਇਕ ਸਮਾਂਬੱਧ ਮੁਹਿੰਮ ਚਲਾਉਣ। ਖ਼ਤਰਨਾਕ ਅਤੇ ਹਮਲਾਵਰ ਕੁੱਤਿਆਂ ਨੂੰ ਤੁਰੰਤ ਫੜਿਆ ਜਾਵੇ, ਵੱਡੇ ਪੱਧਰ 'ਤੇ ਨਸਬੰਦੀ ਅਤੇ ਟੀਕਾਕਰਨ ਕੀਤਾ ਜਾਵੇ, ਕੂੜੇ ਦੇ ਢੇਰ ਖਤਮ ਕੀਤੇ ਜਾਣ ਅਤੇ ਪਾਲਤੂ ਕੁੱਤਿਆਂ ਨੂੰ ਛੱਡਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇ।

-ਗੁਰਬਾਜ ਸਿੰਘ

Ad Position 22
No active advertisement
ਪਿਛਲੀ ਖ਼ਬਰ ਰੈਸਟੋਰੈਂਟ ਤੇ ਹਲਵਾਈ ਦੀ ਦੁਕਾਨ ਦੀ ਅਚਨਚੇਤ ਜਾਂਚ, ਖਾਣ ਵਾਲੇ ਪਦਾਰਥਾਂ ਦੇ ਸੈਂਪਲ ਭਰੇ ਅਗਲੀ ਖ਼ਬਰ ਰੁਜ਼ਗਾਰ ਬਚਾਈ ਰੱਖਣ ਲਈ ਤਕਨੀਕੀ ਸਿੱਖਿਆ ਵਿਚ ਬਦਲਾਅ ਜ਼ਰੂਰੀ
Ad Position 24
No active advertisement