02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

27-07-26

Ad Position 21
No active advertisement
ਅਜੀਤ ਡੈਸਕ 27-07-2026

 ਪਿੰਡਾਂ ਦੀਆਂ ਬੱਸਾਂ
ਅੱਜ ਪਿੰਡਾਂ ਵਿਚ ਰੁਜ਼ਗਾਰ ਦੇ ਸਾਧਨ ਬਹੁਤ ਘਟ ਚੁੱਕੇ ਹਨ। ਕਿਉਂਕਿ ਪੜ੍ਹਿਆ ਲਿਖਿਆ ਵਰਗ ਚਾਹੇ ਉਹ +2 ਵੀ ਪਾਸ ਹੋਵੇ ਖੇਤਾਂ ਵਿਚ ਜਾਂ ਘਰਾਂ ਦੀ ਮਜ਼ਦੂਰੀ ਕਰਨ ਤੋਂ ਵਰਜਦਾ ਹੈ। ਉਹ ਚਾਹੁੰਦਾ ਹੈ ਕਿ ਉਸ ਨੂੰ ਕੋਈ ਅਜਿਹਾ ਕੰਮ ਮਿਲ ਜਾਵੇ ਜਿਸ ਵਿਚ ਉਹ ਕਿਸੇ ਫੈਕਟਰੀ ਜਾਂ ਕਿਸੇ ਵੱਡੇ ਮਾਲ ਜਾਂ ਵੱਡੀ ਦੁਕਾਨ ਵਿਚ ਹੀ ਕੰਮ ਕਿਉਂ ਨਾ ਹੋਵੇ ਕਰ ਲਵੇ।
ਪਰ ਇਹ ਕੰਮ ਉਸ ਤੋਂ ਕਾਫ਼ੀ ਜ਼ਿਆਦਾ ਦੂਰ ਹਨ ਕਿਉਂਕਿ ਇਸ ਲਈ ਉਸ ਨੂੰ ਸ਼ਹਿਰ ਵਿਚ ਆਉਣਾ-ਜਾਣਾ ਪਵੇਗਾ ਅਤੇ ਘਰ ਤੋਂ ਛੇਤੀ ਜਾਣ ਜਾਂ ਘਰ ਦੇਰੀ ਨਾਲ ਪਹੁੰਚਣ ਲਈ ਉਸ ਨੂੰ ਕਿਸੇ ਸਾਧਨ ਦੀ ਜ਼ਰੂਰਤ ਪਵੇਗੀ। ਇਸ ਲਈ ਉਹ ਜੇਕਰ ਕੋਸ਼ਿਸ਼ ਵੀ ਕਰੇ ਤਾਂ ਉਸ ਨੂੰ ਉਸ ਸਾਧਨ ਕਰਕੇ ਇਹੋ ਜਿਹੀਆਂ ਨੌਕਰੀਆਂ ਛੱਡਣੀਆਂ ਪੈਂਦੀਆਂ ਹਨ। ਕਿਉਂਕਿ ਮਾਲਾਂ, ਵੱਡੇ ਦੁਕਾਨਦਾਰਾਂ ਜਾਂ ਫੈਕਟਰੀਆਂ ਵਿਚੋਂ ਜੋ ਤਨਖ਼ਾਹਾਂ ਮਿਲਦੀਆਂ ਹਨ ਉਸ ਲਈ ਉਹ ਜੇਕਰ ਆਪਣਾ ਸਾਧਨ ਇਸਤੇਮਾਲ ਕਰੇ ਤਾਂ ਉਸ ਦੀ ਸਾਰੀ ਤਨਖ਼ਾਹ ਇਸੇ ਕੰਮ 'ਤੇ ਖ਼ਰਚ ਹੋ ਜਾਵੇਗੀ ਪਰ ਇਹੀ ਜੇਕਰ ਸਰਕਾਰਾਂ ਇਨ੍ਹਾਂ ਪਿੰਡਾਂ ਨੂੰ ਦੇਰ ਸ਼ਾਮ ਤਕ ਬੱਸਾਂ ਨੂੰ ਚਲਾਉਣਾ ਯਕੀਨੀ ਕਰਦੀ ਹੈ ਤਾਂ ਯਕੀਨਨ ਪਿੰਡਾਂ ਵਿਚੋਂ ਬੇਰੁਜ਼ਗਾਰੀ 'ਤੇ ਕੁਝ ਹੱਦ ਤਕ ਰੋਕ ਲੱਗ ਸਕਦੀ ਹੈ ਅਤੇ ਫੈਕਟਰੀਆਂ, ਦੁਕਾਨਦਾਰਾਂ ਨੂੰ ਵੀ ਆਪਣੇ ਰਾਜ ਤੋਂ ਹੀ ਕੰਮ ਕਰਨ ਵਾਲੇ ਮਿਲ ਜਾਣਗੇ। ਸਾਡੀ ਸਰਕਾਰ ਨੂੰ ਇਹ ਅਪੀਲ ਹੈ ਕਿ ਸ਼ਹਿਰਾਂ ਤੋਂ ਪਿੰਡਾਂ ਨੂੰ ਦੇਰ ਸ਼ਾਮ ਤਕ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਮਿਹਨਤ ਕਰਨ ਦੇ ਮੌਕੇ ਮਿਲ ਸਕਣ।

-ਅਸ਼ੀਸ਼ ਸ਼ਰਮਾ ਜਲੰਧਰ

ਬੱਚਿਆਂ ਨੂੰ ਚੰਗੀਆਂ ਆਦਤਾਂ ਪਾਓ
ਬੱਚਿਆਂ ਵਿਚ ਚੰਗੀਆਂ ਆਦਤਾਂ ਦਾ ਨਿਰਮਾਣ ਭਵਿੱਖ ਦਾ ਚਿੰਨ੍ਹ ਮੰਨਿਆ ਜਾਂਦਾ ਹੈ ਜੋ ਵਰਤਮਾਨ ਦੀ ਕਰਮਸ਼ੀਲਤਾ 'ਤੇ ਖੜ੍ਹਾ ਹੁੰਦਾ ਹੈ। ਵਿਕਸਿਤ ਦੇਸ਼ਾਂ ਨੇ ਅੱਜ ਜਿੰਨੀ ਵੀ ਤਰੱਕੀ ਕੀਤੀ ਹੈ, ਉਹ ਬੱਚਿਆਂ ਦੀਆਂ ਆਦਤਾਂ ਵਿਚ ਸੁਹਿਰਦਤਾ, ਪਿਆਰ, ਮਿਲਵਰਤਣ ਤੇ ਦੇਸ਼ ਭਗਤੀ ਦਾ ਜਜ਼ਬਾ ਭਰ ਕੇ ਕੀਤੀ ਹੈ। ਜਿਸ ਦੇਸ਼ ਦੀ ਇਮਾਰਤ ਦੀਆਂ ਨੀਹਾਂ ਹੀ ਕਮਜ਼ੋਰ ਹੋਣ ਤਾਂ ਛੱਤਾਂ ਕਿੰਨਾ ਕੁ ਚਿਰ ਟਿਕੀਆਂ ਰਹਿਣਗੀਆਂ। ਕਿਸੇ ਹੋਰ 'ਤੇ ਨਿਰਭਰ ਲੋਕ ਕੀ ਤਰੱਕੀ ਕਰਨਗੇ? ਤਰੱਕੀ ਦਾ ਸਾਰਾ ਮੂਲ ਆਧਾਰ ਬੱਚਿਆਂ ਦੀਆਂ ਚੰਗੀਆਂ ਆਦਤਾਂ ਹੁੰਦੀਆਂ ਹਨ। ਕਈ ਘਰਾਂ ਵਿਚ ਬੱਚਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਲਾਡਲੇ ਰੱਖਿਆ ਜਾਂਦਾ ਹੈ। ਉਹ ਜਿੱਥੇ ਮਰਜ਼ੀ ਪਿਸ਼ਾਬ ਕਰ ਦਿੰਦੇ ਹਨ। ਕਈ ਮਾਪੇ ਹੱਸ ਕੇ ਉਸ ਦੀ ਜ਼ਿੱਦ ਭਰਪੂਰ ਸ਼ਰਾਰਤ ਨੂੰ ਹੁੰਗਾਰਾ ਦੇ ਦਿੰਦੇ ਹਨ। ਜਿਸ ਨਾਲ ਉਸਦੀਆਂ ਆਦਤਾਂ ਵਿਚ ਵਿਗਾੜ ਪੈਦਾ ਹੁੰਦਾ ਹੈ। ਇਹ ਆਦਤਾਂ ਪੱਕ ਜਾਂਦੀਆਂ ਹਨ। ਫਿਰ ਉਨ੍ਹਾਂ ਨੂੰ ਤੋੜਨਾ ਜਾਂ ਹਟਾਉਣਾ ਮੁਸ਼ਕਿਲ ਹੋ ਜਾਂਦਾ ਹੈ। ਛੋਟੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਹੋਸ਼ ਸੰਭਾਲਦੇ ਹੀ ਚੰਗੀਆਂ ਆਦਤਾਂ ਵੱਲ ਪ੍ਰੇਰਿਤ ਕਰਦੇ ਜਾਓ। ਤੁਸੀਂ ਇਨ੍ਹਾਂ ਬੱਚਿਆਂ ਦੀਆਂ ਆਦਤਾਂ ਦੇ ਨਾਲ ਨਿਰਮਾਣ ਦੇ ਸਵਾਮੀ ਹੋ, ਸਹੀ ਰਸਤਿਆਂ ਦੀ ਚੋਣ ਦੇ ਰਹਿਬਰ ਹੋ। ਮਾਤਾ ਪਿਤਾ ਹੀ ਬੱਚਿਆਂ ਦੇ ਪਹਿਲੇ ਅਧਿਆਪਕ ਹੁੰਦੇ ਹਨ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਅਤੇ ਡਾਕਖਾਨਾ ਝਬੇਲਵਾਲੀ।

ਬੀ.ਐਲ.ਓਜ਼ ਮਾਨਸਿਕ ਦਬਾਅ ਹੇਠ
ਚੋਣ ਕਮਿਸ਼ਨ ਪੰਜਾਬ ਵਲੋਂ ਪੰਜਾਬ ਵਿਚ ਕਰਵਾਈ ਜਾ ਰਹੀ ਐੱਸ.ਆਈ.ਆਰ ਦੇ ਕੰਮ ਦੇ ਬੋਝ ਕਾਰਨ ਇਕ ਬੀ.ਐਲ.ਓਜ਼ ਵਲੋਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਜਾਣਾ ਬਹੁਤ ਦੁਖਦਾਈ ਘਟਨਾ ਹੈ। ਇਸੇ ਦੌਰਾਨ ਇਕ ਹੋਰ ਬੀ.ਐਲ.ਓਜ਼ ਨੂੰ ਵੀ ਐੱਸ.ਆਈ.ਆਰ. ਦੇ ਮਾਨਸਿਕ ਬੋਝ ਕਾਰਨ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਦੀ ਵੀ ਖ਼ਬਰ ਆਈ ਹੈ। ਇਨ੍ਹਾਂ ਦਰਦਨਾਕ ਘਟਨਾਵਾਂ ਪਿੱਛੇ ਚੋਣ ਕਮਿਸ਼ਨ ਵਲੋਂ ਐੱਸ.ਆਈ.ਆਰ. ਕਰ ਰਹੇ ਬੀ.ਐਲ.ਓਜ਼ 'ਤੇ ਬੇਲੋੜਾ ਦਬਾਅ ਪਾਇਆ ਗਿਆ ਹੈ। ਫ਼ੀਲਡ ਵਿਚ ਜਾਣ ਤੇ ਬੀ ਐਲ ਓ ਨੂੰ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਪੰਜਾਬ ਵਿਚ ਲੋਕ ਇਸ ਪ੍ਰਕਿਰਿਆ ਪ੍ਰਤੀ ਜਾਗਰੂਕ ਨਾ ਹੋਣ ਕਾਰਨ ਉਹ ਬੀ.ਐਲ.ਓਜ਼ ਨੂੰ ਪੂਰੀ ਤਰ੍ਹਾਂ ਸਹਿਯੋਗ ਨਹੀਂ ਕਰਦੇ ਤੇ ਉਪਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਸਵੇਰੇ ਸ਼ਾਮ ਮੀਟਿੰਗਾਂ ਕਰਕੇ ਇਸ ਮੁਲਾਂਕਣ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਬੀ.ਐਲ.ਓਜ਼ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਪਹਿਲਾਂ ਬਾਕੀ ਰਾਜਾਂ ਵਿਚ ਵੀ ਬਹੁਤ ਸਾਰੇ ਬੀ.ਐਲ.ਓਜ਼ ਇਸੇ ਤਰ੍ਹਾਂ ਦੇ ਮਾਨਸਿਕ ਤਣਾਅ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਹੁਣ ਪੰਜਾਬ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਬੀ.ਐਲ.ਓਜ਼ ਨੂੰ ਦਿੱਤਾ ਜਾਣ ਵਾਲਾ ਕੰਮ ਦਾ ਦਬਾਅ ਘਟਾ ਕੇ ਉਨ੍ਹਾਂ ਨੂੰ ਦਬਾਅ ਰਹਿਤ ਮਾਹੌਲ ਵਿਚ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਬਦਕਿਸਮਤੀ ਨਾਲ ਜੇਕਰ ਕਿਸੇ ਬੀ.ਐਲ.ਓਜ਼ ਦੀ ਮੌਤ ਦੀ ਦੁੱਖਦਾਈ ਘਟਨਾ ਵਾਪਰ ਜਾਂਦੀ ਹੈ ਤਾਂ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਸਹੂਲਤ ਜ਼ਰੂਰ ਦਿੱਤੀ ਜਾਵੇ।

-ਚਰਨਜੀਤ ਸਿੰਘ ਮੁਕਤਸਰ,
ਝਬੇਲਵਾਲੀ

ਤਕਨੀਕੀ ਬੁੱਧੀ
ਮਨੋਵਿਗਿਆਨਕ ਦ੍ਰਿਸ਼ਟੀਕੋਣ ਦੇ ਅਨੁਸਾਰ ਬੁੱਧੀ ਵਾਤਾਵਰਨ ਦੇ ਅਨੁਸਾਰ ਢਾਲਣ ਜਾਂ ਸਮਾਯੋਜਨ ਕਰਨ, ਸਿੱਖਣ ਦੀ ਸਮਰੱਥਾ ਅਤੇ ਅਮੂਰਤ ਚਿੰਤਨ ਕਰਨ ਦੀ ਮਨੁੱਖੀ ਯੋਗਤਾ ਹੁੰਦੀ ਹੈ। ਸਮਾਜਿਕ ਢਾਂਚੇ ਦਾ ਬੁੱਧੀ ਨਾਲ ਗਹਿਰਾ ਸੰਬੰਧ ਹੁੰਦਾ ਹੈ। ਬੁੱਧੀ ਦਾ ਮੁੱਲਾਂਕਣ ਸਮਾਜਿਕ ਅਤੇ ਸੱਭਿਆਚਾਰਕ ਨਿਯਮਾਂ ਅਨੁਸਾਰ ਕੀਤਾ ਜਾਂਦਾ ਹੈ। ਪੱਛਮੀ ਦੇਸ਼ਾਂ ਵਿਚ ਤਕਨੀਕੀ ਬੁੱਧੀ ਨੂੰ ਵਧੇਰੇ ਮਾਨਤਾ ਪ੍ਰਾਪਤ ਹੁੰਦੀ ਹੈ ਜਦੋਂ ਕਿ ਏਸ਼ਿਆਈ ਅਤੇ ਅਫ਼ਰੀਕੀ ਦੇਸ਼ਾਂ ਵਿਚ ਮਾਨਸਿਕ ਸਮਰੱਥਾ ਦੇ ਨਾਲ ਦੂਜੇ ਲੋਕਾਂ ਨਾਲ ਚੰਗੇ ਸੰਬੰਧਾਂ ਨੂੰ ਵਧੇਰੇ ਮਾਨਤਾ ਪ੍ਰਾਪਤ ਹੁੰਦੀ ਹੈ। ਪੱਛਮੀ ਦੇਸ਼ਾਂ ਦੇ ਸਮਾਜਾਂ ਵਿਚ ਤਕਨੀਕੀ ਬੁੱਧੀ ਨੂੰ ਵਧੇਰੇ ਮਹੱਤਵਪੂਰਨ ਮੰਨਦੇ ਹੋਏ, ਇਸੇ ਅਨੁਸਾਰ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਹੈ ਅਤੇ ਰੀਤੀ-ਰਿਵਾਜ ਬਣਾਏ ਜਾਂਦੇ ਹਨ। ਵਿੱਦਿਅਕ ਪ੍ਰਣਾਲੀ ਅਤੇ ਘਰੇਲੂ ਵਾਤਾਵਰਨ ਇਸ ਤਰ੍ਹਾਂ ਨਿਰਮਾਣ ਕੀਤਾ ਜਾਂਦਾ ਹੈ ਤਾਂ ਕਿ ਬੱਚੇ ਮਾਨਸਿਕ ਤੌਰ 'ਤੇ ਵਸਤੂਆਂ ਨੂੰ ਚੰਗੀ ਤਰ੍ਹਾਂ ਪਹਿਚਾਣ ਸਕਣ ਅਤੇ ਵਸਤੂਆਂ ਬਾਰੇ ਅਮੂਰਤ ਚਿੰਤਨ ਕਰਕੇ ਸਾਧਾਰਨ ਬਣਾਉਣ ਵਿਚ ਸਫ਼ਲ ਹੋ ਸਕਣ। ਇਨ੍ਹਾਂ ਸਮਾਜਾਂ ਵਿਚ ਵਿਅਕਤੀ ਦੀ ਸੰਵੇਦਨਾ ਅਤੇ ਧਿਆਨ ਸਮਰੱਥਾ, ਵਿਸ਼ਲੇਸ਼ਣ ਕਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੀ ਕਲਾ ਨੂੰ ਵਧਾਉਣ ਲਈ ਯਤਨ ਕੀਤੇ ਜਾਂਦੇ ਹਨ। ਪੱਛਮੀ ਦੇਸ਼ਾਂ ਵਿਚ ਇਸੇ ਕਿਸਮ ਦੇ ਬੁੱਧੀ ਪ੍ਰੀਖਣ ਅਤੇ ਕੌਸ਼ਲਾਂ ਦੀ ਪ੍ਰੀਖਿਆ ਕੀਤੀ ਜਾਂਦੀ ਹੈ। ਦੂਜੇ ਪਾਸੇ ਏਸ਼ਿਆਈ ਅਤੇ ਅਫ਼ਰੀਕੀ ਦੇਸ਼ਾਂ ਵਿਚ ਤਕਨੀਕੀ ਬੁੱਧੀ ਨੂੰ ਵਧੇਰੇ ਮਹੱਤਵ ਨਹੀਂ ਦਿੱਤਾ ਜਾਂਦਾ। ਇਨ੍ਹਾਂ ਦੇਸ਼ਾਂ ਵਿਚ ਸਮਾਜ ਕੇਂਦਰਿਤ ਅਤੇ ਸਮੂਹਿਕ ਪ੍ਰਬੰਧ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਅਜੋਕੇ ਸਮੇਂ ਪੱਛਮੀ ਸਭਿਅਤਾ ਦਾ ਪ੍ਰਭਾਵ ਪੂਰੀ ਦੁਨੀਆ 'ਤੇ ਪੈਣ ਕਾਰਨ ਤਕਨੀਕੀ ਬੁੱਧੀ ਦਾ ਪਸਾਰ ਸਭ ਦੇਸ਼ਾਂ ਵਿਚ ਵਧ ਰਿਹਾ ਹੈ।

-ਕੁਲਵਿੰਦਰ ਸਿੰਘ
ਪਿੰਡ ਬਿਹਾਲਾਂ, (ਹੁਸ਼ਿਆਰਪੁਰ)।
 

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਵਸ 'ਤੇ ਵਿਸ਼ੇਸ਼ ਜਦੋਂ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਵਸੂਲਿਆ ਟੈਕਸ ਅਗਲੀ ਖ਼ਬਰ ਆਮ ਲੋਕਾਂ ਲਈ ਸੁਖਾਵੇਂ ਤੇ ਸੁਰੱਖਿਅਤ ਹਾਲਾਤ ਸਿਰਜਣ ਦੀ ਲੋੜ
Ad Position 24
No active advertisement