ਸਿੱਖ ਇਤਿਹਾਸ ਦੀ ਇਬਾਰਤ ਸੰਸਾਰਕ ਸਿਆਹੀ ਨਾਲ ਨਹੀਂ, ਸਗੋਂ ਕੁਰਬਾਨੀਆਂ ਨਾਲ ਲਿਖੀ ਗਈ ਹੈ। ਇਸ ਇਬਾਰਤ ਨੂੰ ਉਭਾਰਨ ਤੇ ਨਿਖਾਰਨ ਹਿੱਤ ਅਣਗਿਣਤ ਸੂਰਬੀਰਾਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ ਹੈ:-
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
(ਅੰਗ:1410)
ਇਨ੍ਹਾਂ ਸ਼ਬਦਾਂ ਦੀ ਰੌਸ਼ਨੀ ਵਿਚ ਸਿੱਖੀ ਦੀ ਚੜ੍ਹਦੀ ਕਲਾ ਲਈ ਸਮੇਂ ਦੀਆਂ ਹਕੂਮਤਾਂ ਨੂੰ ਵੰਗਾਰਨ ਵਾਲੇ ਸਿੱਖ ਯੋਧਿਆਂ ਵਿਚ ਹੀ ਸ਼ਹੀਦ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਦੇ ਨਾਂਅ ਆਉਂਦੇ ਹਨ। ਸੰਨ 1726 'ਚ ਜ਼ਕਰੀਆ ਖ਼ਾਨ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ ਗਿਆ। ਸੂਬੇਦਾਰ ਬਣਦਿਆਂ ਹੀ ਉਸ ਨੇ ਸਿੱਖਾਂ ਨੂੰ ਖ਼ਤਮ ਕਰਨ ਦੀ ਠਾਣ ਲਈ। ਉਸ ਦੇ ਇਰਾਦੇ ਨੂੰ ਭਾਂਪਦਿਆਂ ਸਿੱਖਾਂ ਨੇ ਵੀ ਉਸ ਦਾ ਡਟ ਕੇ ਮੁਕਾਬਲਾ ਕੀਤਾ। 1733 ਈ. ਵਿਚ ਸ. ਕਪੂਰ ਸਿੰਘ ਨਵਾਬ ਬਣ ਗਏ। ਉਨ੍ਹਾਂ ਦੇ ਨਵਾਬੀ ਕਾਲ ਦੌਰਾਨ ਕੁਝ ਸਮਾਂ ਤਾਂ ਸੁਖਾਵਾਂ ਲੰਘਿਆ ਪਰ ਇਸ ਤੋਂ ਬਾਅਦ ਸਿੱਖਾਂ ਲਈ ਹਾਲਾਤ ਫਿਰ ਅਣਸੁਖਾਵੇਂ ਬਣ ਗਏ। 1735 ਈ. ਵਿਚ ਜ਼ਕਰੀਆ ਖ਼ਾਨ ਨੇ ਐਲਾਨ ਕੀਤਾ ਕਿ ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਵੇਗਾ, ਉਸ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ ਤੇ ਜਿਹੜਾ ਉਨ੍ਹਾਂ ਦੀ ਮਦਦ ਕਰੇਗਾ, ਉਸ ਨੂੰ ਭਿਆਨਕ ਸਜ਼ਾ ਦਿੱਤੀ ਜਾਵੇਗੀ। ਜ਼ਕਰੀਆ ਖ਼ਾਨ ਦੀ ਜ਼ਾਲਮਾਨਾ ਨੀਤੀ ਤਹਿਤ ਸਿੱਖਾਂ ਦੇ ਘਰ-ਘਾਟ ਤਬਾਹ ਕਰ ਦਿੱਤੇ ਗਏ। ਬੱਚੇ, ਬੁੱਢੇ ਤੇ ਜਵਾਨ ਕਤਲ ਕਰ ਦਿੱਤੇ ਗਏ। ਸਿੱਖਾਂ ਨੇ ਆਪਣਾ ਰੈਣ-ਬਸੇਰਾ ਜੰਗਲ-ਬੇਲਿਆਂ ਨੂੰ ਬਣਾ ਲਿਆ। ਸਿੱਖੀ ਦੇ ਇਸ ਔਖੇ ਸਮੇਂ ਵਿਚ ਦੋ ਸਿੱਖਾਂ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਦਾ ਨਾਂਅ ਚਰਚਾ ਵਿਚ ਆਉਂਦਾ ਹੈ। ਬਾਈ ਬੋਤਾ ਸਿੰਘ ਦਾ ਪਿੰਡ ਭੜਾਣਾ ਅਤੇ ਭਾਈ ਗਰਜਾ ਸਿੰਘ ਦਾ ਪਿੰਡ ਲੀਲ ਸੀ। ਇਕ ਦਿਨ ਨੂਰਦੀਨ ਦੀ ਸਰਾਂ ਕੋਲ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੂੰ ਕੁਝ ਮੁਸਲਮਾਨਾਂ ਨੇ ਦੇਖ ਲਿਆ। ਹੈਰਾਨ ਹੋ ਕੇ ਉਨ੍ਹਾਂ ਕਿਹਾ ਕਿ ਇਹ ਸਿੱਖ ਕਿਵੇਂ ਬਚੇ ਫਿਰਦੇ ਹਨ? ਸਰਕਾਰ ਤਾਂ ਕਹਿ ਰਹੀ ਹੈ ਕਿ ਸਿੱਖਾਂ ਦਾ ਸਰਬਨਾਸ਼ ਕਰ ਦਿੱਤਾ ਹੈ। ਇਕ ਚੌਧਰੀ ਨੇ ਵਿਅੰਗ ਨਾਲ ਕਿਹਾ ਕਿ ਇਹ ਸਿੱਖ ਨਹੀਂ ਕੋਈ ਬਹੁਰੂਪੀਏ ਹੋਣਗੇ, ਕਿਉਂਕਿ ਸਿੱਖ ਕਦੇ ਲੁਕ-ਛਿਪ ਕੇ ਨਹੀਂ ਰਹਿੰਦੇ। ਇਹ ਵਿਅੰਗਮਈ ਬੋਲ ਜਦੋਂ ਸਿੱਖਾਂ ਦੇ ਕੰਨੀ ਪਏ ਤਾਂ ਉਨ੍ਹਾਂ ਦਾ ਹਿਰਦਾ ਵਲੂੰਧਰਿਆ ਗਿਆ। ਉਨ੍ਹਾਂ ਦੋਵਾਂ ਨੇ ਫ਼ੈਸਲਾ ਲਿਆ ਕਿ ਆਮ ਲੋਕਾਂ ਤੇ ਹਕੂਮਤ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਸਿੱਖ ਅਜੇ ਜਿਊਂਦੇ ਹਨ ਤੇ ਚੜ੍ਹਦੀ ਕਲਾ ਵਿਚ ਹਨ। ਇਸ ਦਾ ਸਬੂਤ ਦੇਣ ਲਈ ਉਨ੍ਹਾਂ ਦੋਵਾਂ ਨੇ ਲਾਹੌਰ ਤੋਂ ਦਿੱਲੀ ਜਾਣ ਵਾਲੀ ਸੜਕ 'ਤੇ ਨਾਕਾ ਲਾ ਦਿੱਤਾ। ਨੂਰਦੀਨ ਦੀ ਸਰਾਂ ਕੋਲ ਦੋਵੇਂ ਜਣੇ ਹੱਥ ਵਿਚ ਸੋਟੇ ਲੈ ਕੇ ਖੜ੍ਹੇ ਹੋ ਗਏ। ਇੱਥੇ ਖੜ੍ਹ ਕੇ ਦੋਵਾਂ ਨੇ ਖ਼ਾਲਸਾ ਰਾਜ ਦਾ ਐਲਾਨ ਕਰ ਦਿੱਤਾ ਅਤੇ ਇਸ ਰਸਤਿਓਂ ਆਉਂਦੇ-ਜਾਂਦੇ ਮੁਗ਼ਲਾਂ ਕੋਲੋਂ ਮਹਿਸੂਲ (ਟੈਕਸ) ਵਸੂਲਣਾ ਸ਼ੁਰੂ ਕਰ ਦਿੱਤਾ। ਗੱਡੇ ਦਾ ਇਕ ਆਨਾ ਤੇ ਖੋਤੇ ਦਾ ਇਕ ਪੈਸਾ ਵਸੂਲਿਆ ਜਾਣ ਲੱਗਾ। ਇਸ ਵਸੂਲੀ ਦਾ ਮਨੋਰਥ ਮਾਇਆ ਇਕੱਠੀ ਕਰਨਾ ਨਹੀਂ, ਸਗੋਂ ਸਿੱਖਾਂ ਦੇ ਖ਼ਾਤਮੇ ਦੇ ਦਾਅਵੇ ਨੂੰ ਗਲਤ ਸਾਬਿਤ ਕਰਨਾ ਸੀ।
ਖ਼ਾਲਸੇ ਦੇ ਇਸ ਨਾਕੇ 'ਤੇ ਬਣਦਾ ਟੈਕਸ ਦੇ ਕੇ ਹੀ ਲੰਘਣਾ ਪੈਂਦਾ ਸੀ ਅਤੇ ਕੋਈ ਵੀ ਨਾਬਰ ਨਹੀਂ ਸੀ ਹੁੰਦਾ। ਇਸ ਦਲੇਰਾਨਾ ਕਾਰਨਾਮੇ ਦੀ ਖ਼ਬਰ ਹਕੂਮਤ ਦੇ ਕੰਨਾਂ ਤੱਕ ਪਹੁੰਚਾਉਣ ਲਈ ਭਾਈ ਬੋਤਾ ਸਿੰਘ ਨੇ ਇੱਕ ਚਿੱਠੀ ਲਿਖ ਕੇ ਜ਼ਕਰੀਆ ਖ਼ਾਨ ਵੱਲ ਭੇਜ ਦਿੱਤੀ, ਜਿਸ ਦਾ ਕਾਵਿਕ ਮਜ਼ਮੂਨ ਹੈ:-
ਚਿੱਠੀ ਲਿਖੇ ਸਿੰਘ ਬੋਤਾ
ਹੱਥ ਹੈ ਸੋਟਾ ਵਿਚ ਰਾਹ ਖਲੋਤਾ
ਆਨਾ ਲਾਇਆ ਗੱਡੇ ਨੂੰ
ਪੈਸਾ ਲਾਇਆ ਖੋਤਾ
ਆਖੋ ਭਾਬੋ ਖਾਨੋ ਨੂੰ
ਇਉਂ ਆਖੇ ਸਿੰਘ ਬੋਤਾ
ਖਾਨੋਂ ਜ਼ਕਰੀਆ ਖਾਨ ਦੀ ਵੱਡੀ ਭੈਣ ਸੀ, ਜੋ ਫਰਜੁੱਲਾ ਖ਼ਾਨ ਦੀ ਬੇਗਮ ਸੀ। ਇਹ ਚਿੱਠੀ ਪੜ੍ਹ ਕੇ ਜ਼ਕਰੀਆ ਖ਼ਾਨ ਮਚ ਉੱਠਿਆ। ਉਸ ਨੇ ਫ਼ੌਜਦਾਰ ਜਲਾਲੁਦੀਨ ਦੀ ਕਮਾਨ ਹੇਠ ਸੌ ਘੋੜ ਸਵਾਰ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਨੂੰ ਫੜਣ ਲਈ ਭੇਜ ਦਿੱਤੇ। ਜਦੋਂ ਫ਼ੌਜ ਨੂਰਦੀਨ ਦੀ ਸਰਾਂ ਕੋਲ ਪਹੁੰਚੀ ਤਾਂ ਉਹ ਇਹ ਕਹਿ ਕੇ ਵਾਪਸ ਮੁੜਨ ਲੱਗਾ ਕਿ ਇੱਥੇ ਤਾਂ ਕੋਈ ਖ਼ਾਲਸਾ ਫ਼ੌਜ ਨਹੀਂ ਹੈ। ਵਾਪਸ ਮੁੜਨ ਲੱਗੇ ਫ਼ੌਜਦਾਰ ਨੂੰ ਦੇਖ ਕੇ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਜੈਕਾਰਾ ਛੱਡ ਦਿੱਤਾ ਤੇ ਉਨ੍ਹਾਂ ਨੂੰ ਵੰਗਾਰਿਆ। ਦੋਵਾਂ ਸੂਰਮਿਆਂ ਨੇ ਆਪਣੇ ਸਲੋਤਰ (ਸੋਟੇ) ਸੂਤ ਲਏ ਅਤੇ ਮੁਗ਼ਲ ਫ਼ੌਜ ਦਾ ਮੁਕਾਬਲਾ ਕਰਨ ਲਈ ਤਿਆਰ-ਬਰ-ਤਿਆਰ ਹੋ ਗਏ। ਸਿਰਫ਼ ਦੋ ਸਿੰਘਾਂ ਨੂੰ ਦੇਖ ਕੇ ਜਲਾਲੁਦੀਨ ਨੇ ਕਿਹਾ, 'ਕਿਉਂ ਮੌਤ ਦੇ ਮੂੰਹ ਵਿਚ ਆਉਣ ਲੱਗੇ ਹੋ, ਜ਼ਕਰੀਆ ਖ਼ਾਨ ਦੇ ਦਰਬਾਰ ਵਿਚ ਪੇਸ਼ ਹੋ ਕੇ ਮੁਆਫ਼ੀ ਮੰਗ ਲਓ, ਜਾਨ ਬਖ਼ਸ਼ੀ ਹੋ ਜਾਵੇਗੀ।' ਇਸ ਦੇ ਜਵਾਬ ਵਿਚ ਸਿੰਘਾਂ ਨੇ ਕਿਹਾ, 'ਇਹ ਤੁਹਾਡੇ ਖ਼ਾਨ ਦਾ ਭੁਲੇਖਾ ਹੈ ਕਿ ਖ਼ਾਲਸਾ ਮੁਕਾ ਦਿੱਤਾ ਪਰ ਉਸ ਨੂੰ ਇਹ ਨਹੀਂ ਪਤਾ ਕਿ ਖ਼ਾਲਸਾ ਅਕਾਲ ਪੁਰਖ ਦੀ ਫ਼ੌਜ ਹੈ, ਜਿਸ ਨੂੰ ਝੁਕਾਉਣਾ ਤੇ ਮੁਕਾਉਣਾ ਏਨਾ ਸੁਖਾਲਾ ਨਹੀਂ ਹੈ।' ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਗਹਿਗੱਚ ਮੁਕਾਬਲਾ ਸ਼ੁਰੂੂ ਹੋ ਗਿਆ। ਦੋਵੇਂ ਸੂਰਮੇ ਦੁਸ਼ਮਣ ਦੀਆਂ ਤਲਵਾਰਾਂ ਦਾ ਮੁਕਾਬਲਾ ਸੋਟਿਆਂ ਨਾਲ ਕਰਦੇ ਰਹੇ। ਦੁਸ਼ਮਣ ਦਲ ਦੀ ਗਿਣਤੀ ਵਧੇਰੇ ਹੋਣ ਕਰਕੇ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਆਪਣੀਆਂ ਪਿੱਠਾਂ ਨੂੰ ਜੋੜ ਕੇ ਰੱਸੇ ਨਾਲ ਬੰਨ ਲਿਆ ਤਾਂ ਜੋ ਪਿਛਲੇ ਪਾਸੇ ਤੋਂ ਹੋਣ ਵਾਲੇ ਹਮਲੇ ਤੋਂ ਕੁਝ ਬਚਾਅ ਰਹੇ। ਇਸ ਅਸਾਵੇਂ ਤੇ ਸਖ਼ਤ ਮੁਕਾਬਲੇ ਵਿਚ ਦੋਵਾਂ ਸਿੰਘਾਂ ਨੇ 20 ਤੋਂ ਵੱਧ ਦੁਸ਼ਮਣਾਂ ਨੂੰ ਮਾਰ-ਮੁਕਾਇਆ। ਅਖੀਰ ਇਸ ਮੁਕਾਬਲੇ 'ਚ ਉਹ ਆਪ ਵੀ ਸ਼ਹੀਦੀ ਪਾ ਗਏ। ਇਹ ਘਟਨਾ 27 ਜੁਲਾਈ, 1739 ਈ. ਦੀ ਹੈ। ਇਨ੍ਹਾਂ ਦੋਵਾਂ ਮਰਜੀਵੜਿਆਂ ਦੀ ਯਾਦ (ਸ਼ਹੀਦੀ ਦਿਹਾੜੇ) ਨੂੰ ਹਰ ਸਾਲ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ, ਜਿਸ ਵਿਚ ਦੂਰ-ਨੇੜੇ ਦੀ ਸੰਗਤ ਵਲੋਂ ਭਰਪੂਰ ਹਾਜ਼ਰੀ ਭਰੀ ਜਾਂਦੀ ਹੈ।
#1348/17/1, ਗਲੀ ਨੰ. 8, ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)।
ਮੋਬਾਈਲ : 94631-32719
ਸ਼ਹੀਦੀ ਦਿਵਸ 'ਤੇ ਵਿਸ਼ੇਸ਼ ਜਦੋਂ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਵਸੂਲਿਆ ਟੈਕਸ
ਅਜੀਤ ਡੈਸਕ
27-07-2026