02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਕਾਮਾਗਾਟਾ ਮਾਰੂ ਜਹਾਜ਼ ਦੇ ਨਾਇਕ ਬਾਬਾ ਗੁਰਦਿੱਤ ਸਿੰਘ

Ad Position 21
No active advertisement
ਅਜੀਤ ਡੈਸਕ 27-07-2026

ਬਾਬਾ ਗੁਰਦਿੱਤ ਸਿੰਘ ਜਿਨ੍ਹਾਂ ਨੂੰ ਗੁਰਦਿੱਤ ਸਿੰਘ ਸੰਧੂ ਵੀ ਕਿਹਾ ਜਾਂਦਾ ਹੈ, ਇਕ ਉੱਘੇ ਸਿੱਖ ਰਾਸ਼ਟਰਵਾਦੀ ਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਭਾਰਤੀ ਸੁਤੰਤਰਤਾ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਕਾਮਾਗਾਟਾ ਮਾਰੂ ਜਹਾਜ਼ ਦੇ ਨਾਇਕ ਬਾਬਾ ਗੁਰਦਿੱਤ ਸਿੰਘ ਭਾਰਤੀ ਆਜ਼ਾਦੀ ਸੰਗਰਾਮ ਤੇ ਵਿਦੇਸ਼ਾਂ ਵਿਚ ਨਸਲਵਾਦ ਵਿਰੁੱਧ ਲੜਨ ਵਾਲੇ ਇਕ ਮਹਾਨ ਦੇਸ਼-ਭਗਤ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਜਨਮ 22 ਜੁਲਾਈ 1861 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸਰਹਾਲੀ 'ਚ ਹੋਇਆ। ਉਨ੍ਹਾਂ ਦੇ ਦਾਦਾ ਸਿੱਖ ਫ਼ੌਜ 'ਚ ਅਫ਼ਸਰ ਸਨ ਅਤੇ ਪਿਤਾ ਹੁਕਮ ਸਿੰਘ ਸਧਾਰਨ ਤੇ ਛੋਟੇ ਕਿਸਾਨ ਸਨ। 1870 'ਚ ਉਨ੍ਹਾਂ ਦੇ ਪਿਤਾ ਜੀਵਨ ਨਿਰਬਾਹ ਲਈ ਮਲੇਸ਼ੀਆ ਦੇ ਸ਼ਹਿਰ ਤਾਈਪਿੰਗ ਵਿਖੇ ਚਲੇ ਗਏ। ਗੁਰਦਿੱਤ ਸਿੰਘ ਨੇ ਪਿੰਡ ਦੀ ਧਰਮਸ਼ਾਲਾ ਦੇ ਨਿਗਰਾਨ ਕੋਲੋਂ ਗੁਰਮੁਖੀ ਸਿੱਖੀ। 1885 'ਚ ਉਹ ਆਪਣੇ ਪਿਤਾ ਕੋਲ ਮਲੇਸ਼ੀਆ ਚਲੇ ਗਏ, ਜਿੱਥੇ ਉਹ ਇਕ ਸਫਲ ਠੇਕੇਦਾਰ ਤੇ ਵਪਾਰੀ ਬਣੇ। 1885 'ਚ ਹੀ ਉਨ੍ਹਾਂ ਦਾ ਵਿਆਹ ਹੋ ਗਿਆ। ਪਹਿਲੇ ਵਿਆਹ ਤੋਂ ਇਨ੍ਹਾਂ ਦੀਆਂ ਦੋ ਪੁੱਤਰੀਆਂ ਤੇ ਇਕ ਪੁੱਤਰ ਨੇ ਜਨਮ ਲਿਆ, ਪਰ ਤਿੰਨਾਂ ਦੀ ਹੀ ਮੌਤ ਹੋ ਗਈ। 1904 'ਚ ਇਨ੍ਹਾਂ ਦੀ ਪਤਨੀ ਵੀ ਅਕਾਲ ਚਲਾਣਾ ਕਰ ਗਈ। ਉਨ੍ਹਾਂ ਦੀ ਦੂਜੀ ਪਤਨੀ ਤੋਂ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂਅ ਬਲਵੰਤ ਸਿੰਘ ਰੱਖਿਆ। 1908 ਵਿਚ ਕੈਨੇਡਾ ਸਰਕਾਰ ਨੇ ਭਾਰਤੀਆਂ ਦੇ ਦਾਖਲੇ 'ਤੇ ਪਾਬੰਦੀ ਲਾ ਦਿੱਤੀ, ਜਿਸ ਕਰਕੇ ਭਾਰਤੀਆਂ 'ਚ ਨਾਰਾਜ਼ਗੀ ਸੀ। ਜਦੋਂ ਗੁਰਦਿੱਤ ਸਿੰਘ 1913 'ਚ ਆਪਣੇ ਕਾਰੋਬਾਰ ਸੰਬੰਧੀ ਹਾਂਗਕਾਂਗ ਗਏ ਤਾਂ ਉੱਥੇ ਪੰਜਾਬੀਆਂ ਨੇ ਉਨ੍ਹਾਂ ਨੂੰ ਇਸ ਨਾਰਾਜ਼ਗੀ ਬਾਰੇ ਦੱਸਿਆ। ਗੁਰਦਿੱਤ ਸਿੰਘ ਨੇ ਉਨ੍ਹਾਂ ਨੂੰ ਕੈਨੇਡਾ ਪਹੁੰਚਾਉਣ ਦਾ ਫ਼ੈਸਲਾ ਕੀਤਾ ਜਿਸ ਦੇ ਚਲਦਿਆਂ ਉਨ੍ਹਾਂ ਨੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਸਥਾਪਤ ਕੀਤੀ ਅਤੇ ਜਪਾਨੀਆਂ ਤੋਂ 'ਕਾਮਾਗਾਟਾ ਮਾਰੂ' ਸਮੁੰਦਰੀ ਜਹਾਜ਼ ਲੀਜ਼ 'ਤੇ ਲੈ ਲਿਆ, ਜਿਸ ਦਾ ਨਾਂਅ ਬਦਲ ਕੇ 'ਗੁਰੂ ਨਾਨਕ ਜਹਾਜ਼' ਰੱਖਿਆ ਗਿਆ। ਉਨ੍ਹਾਂ ਨੇ 1914 'ਚ ਹਾਂਗਕਾਂਗ ਤੋਂ ਭਾਰਤੀਆਂ ਦੇ ਜਥੇ ਸਮੇਤ ਕੈਨੇਡਾ ਲਈ ਸਮੁੰਦਰੀ ਯਾਤਰਾ ਸ਼ੁਰੂ ਕਰਨੀ ਸੀ, ਪਰ ਜਹਾਜ਼ ਦੇ ਚੱਲਣ ਤੋਂ ਕੁਝ ਸਮਾਂ ਪਹਿਲਾਂ ਹੀ ਗੁਰਦਿਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਸਫ਼ਰ ਦੀ ਅੰਤਿਮ ਮਨਜ਼ੂਰੀ ਤੱਕ ਬਹੁਤ ਸਾਰੇ ਯਾਤਰੀਆਂ ਨੇ ਸੀਟਾਂ ਰੱਦ ਕਰਵਾ ਦਿੱਤੀਆਂ। ਉਨ੍ਹਾਂ ਦੇ ਰਿਹਾਅ ਹੋਣ ਤੋਂ ਬਾਅਦ ਇਹ ਜਹਾਜ਼ 4 ਅਪ੍ਰੈਲ 1914 ਨੂੰ ਰਵਾਨਾ ਹੋਇਆ। ਕੁੱਲ 376 ਮੁਸਾਫਰਾਂ ਨੂੰ ਲੈ ਕੇ ਇਹ ਜਹਾਜ਼ 23 ਮਈ 1914 ਨੂੰ ਵੈਨਕੂਵਰ ਦੀ ਬੰਦਰਗਾਹ 'ਤੇ ਪਹੁੰਚ ਗਿਆ। ਕੈਨੇਡਾ ਦੇ ਸਰਕਾਰੀ ਅਧਿਕਾਰੀਆਂ ਨੇ ਸਿਰਫ਼ ਕੁਝ ਕੁ ਯਾਤਰੀਆਂ ਹੀ ਉਤਰਨ ਦੀ ਇਜਾਜ਼ਤ ਦਿੱਤੀ। ਜਹਾਜ਼ ਉੱਥੇ ਦੋ ਮਹੀਨੇ ਖੜ੍ਹਾ ਰਿਹਾ, ਜਦਕਿ ਗੁਰਦਿੱਤ ਸਿੰਘ ਨੇ ਯਾਤਰੀਆਂ ਨੂੰ ਉਤਾਰਨ ਲਈ ਅਧਿਕਾਰੀਆਂ ਨਾਲ ਗੱਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਅਸਫਲ ਰਹੀਆਂ। ਇਸ ਸਥਿਤੀ ਦੌਰਾਨ ਉਨ੍ਹਾਂ ਨੂੰ ਵੈਨਕੂਵਰ ਦੇ ਸਿੱਖ ਭਾਈਚਾਰੇ ਵਲੋਂ ਭਰਵਾਂ ਸਹਿਯੋਗ ਮਿਲਿਆ। ਪਰ ਤਣਾਅ ਉਸ ਸਮੇਂ ਵਧਣ ਲੱਗਾ ਜਦੋਂ ਰਾਸ਼ਨ-ਪਾਣੀ ਦੀ ਕਮੀ ਮਹਿਸੂਸ ਹੋਈ। ਛੋਟੀ ਜਿਹੀ ਹਿੰਸਕ ਝੜਪ ਮਗਰੋਂ ਇਕ ਸਮਝੌਤੇ ਤਹਿਤ ਕੈਨੇਡਾ ਸਰਕਾਰ ਨੇ ਉਨ੍ਹਾਂ ਦੀ ਵਾਪਸੀ ਲਈ ਰਾਸ਼ਨ ਤੇ ਤੇਲ ਮੁਹੱਈਆ ਕਰਾ ਦਿੱਤਾ। 29 ਸਤੰਬਰ 1914 ਨੂੰ ਇਹ ਜਹਾਜ਼ ਕਲਕੱਤਾ ਨੇੜੇ ਬਜਬਜ ਘਾਟ 'ਤੇ ਆ ਗਿਆ। ਬਾਬਾ ਗੁਰਦਿੱਤ ਸਿੰਘ ਤੇ ਉਨ੍ਹਾਂ ਦੇ ਸਿੱਖ ਸਾਥੀ ਭਾਰਤੀ ਬ੍ਰਿਟਿਸ਼ ਸਰਕਾਰ ਦੀਆਂ ਨਜ਼ਰਾਂ ਵਿਚ ਵਿਦਰੋਹੀ ਬਣ ਗਏ ਸਨ। ਉਨ੍ਹਾਂ ਦੇ ਜਹਾਜ਼ ਦੀ ਇਸ ਲਈ ਤਲਾਸ਼ੀ ਲਈ ਗਈ ਕਿ ਕਿਤੇ ਉਹ ਹਥਿਆਰ ਤਾਂ ਨਹੀਂ ਲਿਆ ਰਹੇ। ਇਨ੍ਹਾਂ ਸਭ ਨੂੰ ਪੰਜਾਬ 'ਚ ਘਰੋ-ਘਰੀ ਪਹੁੰਚਾਉਣ ਲਈ ਇਕ ਰੇਲ ਗੱਡੀ ਤਿਆਰ ਸੀ। 17 ਗ਼ੈਰ ਸਿੱਖ ਮੁਸਾਫ਼ਰ ਹੁਕਮ ਮੰਨ ਕੇ ਗੱਡੀ ਵਿਚ ਚੜ੍ਹ ਗਏ ਪਰ ਸਿੱਖ ਮੁਸਾਫ਼ਰਾਂ ਨੇ ਇਨਕਾਰ ਕਰ ਦਿੱਤਾ ਤੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਸਿਰ 'ਤੇ ਰੱਖ ਇਕ ਜਲਸੇ ਦੇ ਰੂਪ 'ਚ ਸ਼ਹਿਰ ਵੱਲ ਵਧਣ ਲੱਗੇ। ਬਰਤਾਨਵੀ ਫ਼ੌਜ ਤੇ ਪੁਲਿਸ ਨੇ ਉਨ੍ਹਾਂ ਨੂੰ ਵਾਪਸ ਰੇਲਵੇ ਸਟੇਸ਼ਨ ਜਾਣ ਲਈ ਮਜਬੂਰ ਕੀਤਾ ਤੇ ਇੱਥੇ ਵਾਪਰੀ ਮੁੱਠਭੇੜ 'ਚ 18 ਸਿੱਖ ਮਾਰੇ ਗਏ ਤੇ 25 ਜ਼ਖ਼ਮੀ ਹੋ ਗਏ। ਪੁਲਿਸ ਨੇ ਬਾਕੀਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ, ਪਰ ਗੁਰਦਿੱਤ ਸਿੰਘ ਬਚ ਨਿਕਲੇ ਤੇ ਸੱਤ ਸਾਲ ਉਨ੍ਹਾਂ ਦੇ ਹੱਥ ਨਾ ਆਏ। ਅਖੀਰ 15 ਨਵੰਬਰ 1921 ਨੂੰ ਉਨ੍ਹਾਂ ਨੇ ਨਨਕਾਣਾ ਸਾਹਿਬ 'ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਇਕੱਠ 'ਚ ਸ਼ਾਮਿਲ ਹੋਣ ਪਿੱਛੋਂ ਖ਼ੁਦ ਨੂੰ ਪੁਲਿਸ ਹਵਾਲੇ ਕਰ ਦਿੱਤਾ। ਕਰੀਬ ਸਾਢੇ ਕੁ 3 ਮਹੀਨੇ ਬਾਅਦ 28 ਫਰਵਰੀ 1922 ਨੂੰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। 7 ਮਾਰਚ 1922 ਨੂੰ ਉਨ੍ਹਾਂ ਨੂੰ ਮੁੜ ਗ੍ਰਿਫ਼ਤਾਰ ਕਰਕੇ ਇਲਜ਼ਾਮ ਲਾਏ ਕਿ ਉਨ੍ਹਾਂ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ' ਵਿਦਰੋਹ ਭਰਿਆ ਭਾਸ਼ਨ ਦਿੱਤਾ ਸੀ। 4 ਸਾਲ ਤੱਕ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਿਆ। 1926 'ਚ ਸਰਮੁੱਖ ਸਿੰਘ ਝਬਾਲ ਦੇ ਜੇਲ੍ਹ ਜਾਣ ਪਿੱਛੋਂ ਗੁਰਦਿੱਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਕਾਰਜ ਕੀਤਾ। 1926 'ਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਗੁਹਾਟੀ ਸੈਸ਼ਨ ਵਿਚ ਉਨ੍ਹਾਂ ਨੇ 50 ਸਿੱਖ ਪ੍ਰਤੀਨਿਧੀਆਂ ਸਮੇਤ ਵਿਸ਼ਾ ਸਮਿਤੀ ਦੇ ਫ਼ੈਸਲੇ ਵਿਰੁੱਧ ਵਿਦਰੋਹ ਕਰਨ ਲਈ ਵਾਕਆਊਟ ਕੀਤਾ, ਕਿਉਂਕਿ ਉਨ੍ਹਾਂ ਨੇ ਆਪਣੇ ਪ੍ਰਸਤਾਵ 'ਚ ਸਿੱਖ ਰਿਆਸਤ ਨਾਭਾ ਦੇ ਹਾਕਮ ਨੂੰ ਬਰਤਾਨਵੀਆਂ ਦੁਆਰਾ ਜਬਰੀ ਗੱਦੀ ਤੋਂ ਲਾਹੁਣ ਦਾ ਉਲੇਖ ਸ਼ਾਮਿਲ ਨਹੀਂ ਕੀਤਾ ਸੀ, ਜਿਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਅੰਦੋਲਨ ਸ਼ੁਰੂ ਕੀਤਾ ਸੀ। 1931 ਤੋਂ 1933 ਦੌਰਾਨ ਗੁਰਦਿੱਤ ਸਿੰਘ ਨੂੰ ਉਨ੍ਹਾਂ ਦੀਆਂ ਰਾਜਨੀਤਕ ਸਰਗਰਮੀਆਂ ਕਾਰਨ 3 ਵਾਰ ਫਿਰ ਗ੍ਰਿਫ਼ਤਾਰ ਕੀਤਾ ਗਿਆ। 1937 'ਚ ਉਨ੍ਹਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਵਜੋਂ ਹਲਕਾ ਸਰਹਾਲੀ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ, ਹਾਲਾਂਕਿ ਉਹ ਅਕਾਲੀ ਉਮੀਦਵਾਰ ਪ੍ਰਤਾਪ ਸਿੰਘ ਕੈਰੋਂ ਤੋਂ ਹਾਰ ਗਏ ਸਨ। 24 ਜੁਲਾਈ 1954 ਨੂੰ ਬਾਬਾ ਗੁਰਦਿੱਤ ਸਿੰਘ ਸਦਾ ਲਈ ਅਲਵਿਦਾ ਆਖ ਗਏ। ਜ਼ਿਲ੍ਹਾ ਤਰਨ ਤਾਰਨ ਦੇ ਸਰਹਾਲੀ ਕਲਾਂ 'ਚ ਉਨ੍ਹਾਂ ਦੇ ਨਾਂਅ 'ਤੇ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਆਈ.ਟੀ.ਆਈ. ਸੰਸਥਾ ਸਥਾਪਤ ਕੀਤੀ ਹੋਈ ਹੈ।
#16ਏ, ਫੋਕਲ ਪੁਆਇੰਟ, ਰਾਜਪੁਰਾ।
ਮੋਬਾਈਲ : 94179-90040

Ad Position 22
No active advertisement
ਪਿਛਲੀ ਖ਼ਬਰ ਭਰਾਤਰੀ ਜਥੇਬੰਦੀਆਂ ਨੇ ਰਾਮਪੂਰਾ ਫੂਲ ਵਿਚ ਕੱਢਿਆ ਰੋਸ ਮਾਰਚ ਅਗਲੀ ਖ਼ਬਰ ਜੇ ਗੁਣ ਹੋਵਨਿ ਸਾਜਨਾ
Ad Position 24
No active advertisement