ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਕਰਮ ਸਿਧਾਂਤ : ਅਧਿਆਤਮਕ ਨਜ਼ਰੀਏ ਤੋਂ

Ad Position 21
No active advertisement
ਅਜੀਤ ਡੈਸਕ 13-07-2026

ਸ੍ਰਿਸ਼ਟੀ ਦੀ ਬਣਤਰ ਅਤੇ ਇੱਥੇ ਮੌਜੂਦ ਭਿੰਨ-ਭਿੰਨ ਜੀਵ-ਜੰਤੂਆਂ ਦੀ ਹੋਂਦ ਨੂੰ ਸਮਝਣਾ ਇਕ ਬਹੁਤ ਹੀ ਕਠਿਨ ਕਾਰਜ ਹੈ। ਮਨੁੱਖ ਜਾਤੀ ਵੀ ਇਕ ਕਿਸਮ ਦੇ ਜੀਵਾਂ ਦੀ ਹੀ ਸ਼੍ਰੇਣੀ ਹੈ, ਜੋ ਬਾਕੀ ਜੀਵਾਂ ਨਾਲੋਂ ਵਧੇਰੇ ਵਿਕਸਿਤ ਹੋ ਚੁੱਕੀ ਹੈ। ਸ੍ਰਿਸ਼ਟੀ ਦਾ ਇਕ ਅਟਲ ਨਿਯਮ ਹੈ ਕਿ ਜੋ ਵੀ ਬਣਿਆ ਹੈ, ਉਹ ਇਕ ਦਿਨ ਖ਼ਤਮ ਜ਼ਰੂਰ ਹੋਣਾ ਹੈ। ਅਨੇਕ ਜੀਵ-ਜੰਤੂ, ਮਨੁੱਖ, ਪੇੜ-ਪੌਦੇ, ਬਨਸਪਤੀ, ਕੀਟ-ਪਤੰਗੇ ਆਦਿ ਆਪਣੀ ਨਿਸਚਿਤ ਉਮਰ ਭੋਗਦੇ ਹਨ ਅਤੇ ਅੰਤ ਹਮੇਸ਼ਾ ਲਈ ਉਹ ਇਹ ਨਾਸ਼ਵਾਨ ਸਰੀਰ ਇੱਥੇ ਹੀ ਛੱਡ ਜਾਂਦੇ ਹਨ। ਉਨ੍ਹਾਂ ਅੰਦਰ ਮੌਜੂਦ ਊਰਜਾ (ਆਤਮਾ) ਕਿਸੇ ਹੋਰ ਨਵੇਂ ਸਰੀਰ ਵਿਚ ਨਵੇਂ ਜੀਵਨ ਦੀ ਸ਼ੁਰੂਆਤ ਕਰਦੀ ਹੈ। ਊਰਜਾ ਦਾ ਇਕ ਰੂਪ ਭੋਗਣ ਤੋਂ ਬਾਅਦ ਕਿਸੇ ਹੋਰ ਰੂਪ ਵਿਚ ਪਰਿਵਰਤਨ ਹੋਣ ਦਾ ਚੱਕਰ ਯੁੱਗਾਂ-ਯੁੱਗਾਂ ਤੋਂ ਇਸੇ ਪ੍ਰਕਾਰ ਚਲਦਾ ਆ ਰਿਹਾ ਹੈ।
ਅਧਿਆਤਮਕ ਗ੍ਰੰਥ ਪੋਥੀਆਂ ਅਨੁਸਾਰ 84 ਲੱਖ ਜੂਨੀਆਂ ਇਸ ਸ੍ਰਿਸ਼ਟੀ 'ਤੇ ਮੌਜੂਦ ਹਨ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਦੇ ਸ਼ਬਦ ਹਨ:-
ਕਈ ਜਨਮ ਭਏ ਕੀਟ ਪਤੰਗਾ॥
ਕਈ ਜਨਮ ਗਜ ਮੀਨ ਕੁਰੰਗਾ॥
ਕਈ ਜਨਮ ਪੰਖੀ ਸਰਪ ਹੋਇਓ॥
ਕਈ ਜਨਮ ਹੈਵਰ ਬ੍ਰਿਖ ਜੋਇਓ॥
(ਗਉੜੀ ਗੁਆਰੇਰੀ, ਮ:5, ਅੰਗ:176)
ਭਾਵ ਜੀਵ ਨੇ ਕਈ ਜਨਮ ਕੀੜੇ-ਮਕੌੜਿਆਂ ਦੇ ਰੂਪ ਵਿਚ ਬਿਤਾਏ, ਕਈ ਵਾਰ ਹਾਥੀ, ਮੱਛੀ ਤੇ ਹਿਰਣ ਦੇ ਰੂਪ ਵਿਚ ਜਨਮ ਲਿਆ, ਕਈ ਜਨਮ ਪੰਛੀ ਅਤੇ ਸੱਪ ਦੇ ਰੂਪ ਵਿਚ ਵੀ ਹੋਏ ਅਤੇ ਕਈ ਜਨਮ ਪਸ਼ੂਆਂ ਤੇ ਰੁੱਖਾਂ ਦੇ ਰੂਪ ਵਿਚ ਵੀ ਬਿਤਾਏ। ਹੁਣ ਸਵਾਲ ਇਹ ਹੈ ਕਿ ਸ੍ਰਿਸ਼ਟੀ 'ਤੇ ਮੌਜੂਦ ਇਨੀਆਂ ਜੂਨਾਂ 'ਚੋਂ ਜੀਵਾਂ ਨੂੰ ਜਨਮ ਕਿਸ ਜੂਨ ਵਿਚ ਮਿਲਣਾ ਹੈ, ਇਹ ਕੌਣ ਨਿਸਚਿਤ ਕਰਦਾ ਹੈ? ਜਾਂ ਇਸ ਦਾ ਸਿਧਾਂਤ ਕੀ ਹੈ? ਤਾਂ ਇਸ ਗੁੰਝਲਦਾਰ ਸਵਾਲ ਦਾ ਜਵਾਬ ਹੈ ਕਿ ਇਹ ਸਭ 'ਕਰਮ ਸਿਧਾਂਤ' ਅਨੁਸਾਰ ਹੀ ਨਿਸਚਿਤ ਹੁੰਦਾ ਹੈ ਕਿ ਕਿਸੇ ਜੀਵ ਦੀ ਮੌਤ ਤੋਂ ਬਾਅਦ ਉਹ ਕਿਸ ਜੀਵ-ਜੰਤੂ ਦੀ ਜੂਨ ਵਿਚ ਅਗਲਾ ਜਨਮ ਲਵੇਗਾ ਅਤੇ ਜਿਊਂਦੇ-ਜੀਅ ਉਸ ਦੁਆਰਾ ਕੀਤੇ ਗਏ ਚੰਗੇ-ਮੰਦੇ ਕਰਮ ਉਸ ਨੂੰ ਕਿਹੋ ਜਿਹੀ ਸਮਾਜਿਕ, ਆਰਥਿਕ ਸਥਿਤੀ ਵਿਚ ਅਗਲਾ ਜਨਮ ਪ੍ਰਦਾਨ ਕਰਨਗੇ। ਇਸੇ ਹੀ ਸਿਧਾਂਤ ਅਨੁਸਾਰ ਹਰ ਮਨੁੱਖ ਅਤੇ ਹਰ ਜੀਵ ਇਕ-ਦੂਜੇ ਨਾਲ ਸੰਬੰਧਿਤ ਹੈ। ਪੁਸਤਕ ਪਰਮਾਰਥੀ ਪੱਤਰ ਭਾਗ ਦੋ ਅਨੁਸਾਰ ਜਿਹੜੇ-ਜਿਹੜੇ ਵਿਅਕਤੀਆਂ ਨਾਲ ਸਾਡਾ ਪਿਛਲੇ ਜਨਮਾਂ ਵਿਚ ਸੰਬੰਧ ਸੀ, ਉਹ ਸਭ ਪੁੱਤਰਾਂ, ਧੀਆਂ, ਭੈਣ-ਭਰਾਵਾਂ, ਮਾਪਿਆਂ ਜਾਂ ਹੋਰ ਸੰਬੰਧੀਆਂ ਦਾ ਰੂਪ ਧਾਰ ਕੇ ਸਾਥੋਂ ਆਪਣਾ ਕਰਜ਼ਾ ਵਸੂਲ ਕਰਦੇ ਹਨ।
ਕਰਮੀ ਆਵੇ ਕਪੜਾ ਨਦਰੀ ਮੋਖੁ ਦੁਆਰੁ॥
(ਗਉੜੀ ਗੁਆਰੇਰੀ, ਮ:5, ਅੰਗ:176)
ਭਾਵ ਕਰਮਾਂ ਅਨੁਸਾਰ ਮਨੁੱਖ ਨੂੰ ਸਰੀਰ ਮਿਲਦਾ ਅਤੇ ਪਰਮਾਤਮਾ ਦੀ ਕਿਰਪਾ ਨਾਲ ਮੁਕਤੀ ਦਾ ਦਰਵਾਜ਼ਾ ਖੁੱਲ੍ਹਦਾ ਹੈ।
ਹੁਣ ਗੱਲ ਕਰਦੇ ਹਾਂ 'ਕਰਮ- ਸਿਧਾਂਤ' ਦੀ। ਸਾਧੂ, ਸੰਤਾਂ-ਮਹਾਤਮਾਵਾਂ, ਧਾਰਮਿਕ ਵਿਦਵਾਨਾਂ ਨੇ ਤਿੰਨ ਪ੍ਰਕਾਰ ਦੇ ਕਰਮਾਂ ਦਾ ਉਲੇਖ ਕੀਤਾ ਹੈ, ਜੋ ਪ੍ਰਕਿਰਤੀ ਦੇ ਹਰ ਜੀਵ-ਜੰਤੂ 'ਤੇ ਲਾਗੂ ਹੁੰਦਾ ਹੈ। ਇਹ ਤਿੰਨ ਪ੍ਰਕਾਰ ਦੇ ਕਰਮ ਹਨ- ਕਿਰੇਮਾਨ ਕਰਮ ਜਾਂ ਨਵੇਂ ਕਰਮ, ਪ੍ਰਾਲਬੱਧ ਕਰਮ ਅਤੇ ਸੰਚਿਤ ਕਰਮ। ਇਹ ਤਿੰਨ ਪ੍ਰਕਾਰ ਦੇ ਕਰਮ ਹੀ ਹਰ ਜੀਵ ਦੇ ਜੀਵਨ ਤੇ ਜੀਵਨ ਤੋਂ ਬਾਅਦ ਦੇ ਸਫ਼ਰ ਦਾ ਫ਼ੈਸਲਾ ਕਰਦੇ ਹਨ। ਆਓ ਇਨ੍ਹਾਂ ਤਿੰਨ ਪ੍ਰਕਾਰ ਦੇ ਕਰਮਾਂ ਨੂੰ ਵਿਸਥਾਰਪੂਰਵਕ ਸਮਝਣ ਦਾ ਯਤਨ ਕਰੀਏ।
ਕਿਰੇਮਾਨ ਕਰਮ-ਇਨ੍ਹਾਂ ਨੂੰ ਨਵੇਂ ਕਰਮ ਵੀ ਕਿਹਾ ਜਾ ਸਕਦਾ ਹੈ। ਅਧਿਆਤਮਕਤਾ ਦੀ ਭਾਸ਼ਾ ਵਿਚ ਇਨ੍ਹਾਂ ਨੂੰ ਕਿਰੇਮਾਨ ਕਰਮ ਕਿਹਾ ਗਿਆ ਹੈ। ਇਹ ਉਹ ਕਰਮ ਹੁੰਦੇ ਹਨ, ਜੋ ਹਰ ਜੀਵ ਵਰਤਮਾਨ ਵਿਚ ਕਰ ਰਿਹਾ ਹੈ। ਜੀਵ ਭਾਵੇਂ ਕਿਸੇ ਵੀ ਜੂਨੀ ਵਿਚ ਹੈ ਪਰ ਜੋ ਵਰਤਮਾਨ ਸਮੇਂ ਚੰਗੇ ਜਾਂ ਮਾੜੇ ਕਰਮ ਕਰ ਰਿਹਾ ਹੈ, ਉਹ ਉਸ ਦੇ ਕਿਰੇਮਾਨ ਕਰਮ ਬਣਦੇ ਜਾ ਰਹੇ ਹਨ। ਕਰਮ ਦੋ ਤਰ੍ਹਾਂ ਨਾਲ ਕੀਤੇ ਜਾਂਦੇ ਹਨ, ਸਰੀਰ ਨਾਲ ਤੇ ਮਨ ਨਾਲ। ਕਿਸੇ ਮਾੜੇ ਕਾਰਜ ਬਾਰੇ ਸੋਚਣਾ ਵੀ ਇਕ ਮੰਦੇ ਕਰਮ ਵਿਚ ਗਿਣਿਆ ਜਾਂਦਾ ਹੈ। ਗੁਰਬਾਣੀ ਵਿਚ ਆਉਂਦਾ ਹੈ:-
ਨਿੰਦਾ ਭਲੀ ਕਿਸੈ ਕੀ ਨਾਹੀ
ਮਨਮੁਖ ਮੁਗਧ ਕਰੰਨਿ॥
ਮੁਹ ਕਾਲੇ ਤਿਨ ਨਿੰਦਕਾ
ਨਰਕੇ ਘੋਰਿ ਪਵੰਨਿ॥
(ਸੂਹੀ, ਮ:3, ਅੰਗ:755)
ਅਰਥਾਤ ਕਿਸੇ ਦੀ ਨਿੰਦਿਆ ਕਰਨੀ ਚੰਗਾ ਕੰਮ ਨਹੀਂ ਹੈ ਕਿਉਂਕਿ ਨਿੰਦਿਆ ਮੂਰਖ ਲੋਕ ਕਰਦੇ ਹਨ। ਨਿੰਦਿਆ ਕਰਨ ਵਾਲੇ ਬਦਨਾਮੀ ਖੱਟਦੇ ਹਨ ਅਤੇ ਨਰਕ ਵਿਚ ਪੈਂਦੇ ਹਨ।
ਪ੍ਰਾਲਬਧ ਕਰਮ-ਇਹ ਉਹ ਕਰਮ ਹਨ, ਜੋ ਪੂਰਬਲੇ ਜਨਮਾਂ 'ਚੋਂ ਇਸ ਜਨਮ ਵਿਚ ਭੋਗਣ ਲਈ ਮਿਲੇ ਹਨ। ਇਹ ਕਰਮ ਪਿਛਲੇ ਜਨਮਾਂ ਦੇ ਕਰਮਾਂ ਦੇ ਫ਼ਲ ਵਜੋਂ ਇਸ ਜਨਮ ਵਿਚ ਭੋਗੇ ਜਾ ਰਹੇ ਹਨ। ਮਨੁੱਖ ਇਸ ਨੂੰ ਬਦਲ ਨਹੀਂ ਸਕਦਾ, ਸਿਰਫ਼ ਇਸ ਨੂੰ ਸਹਿਣ ਜਾਂ ਸਮਝਦਾਰੀ ਨਾਲ ਭੋਗ ਸਕਦਾ ਹੈ। ਉਦਾਹਰਨ ਵਜੋਂ ਜਨਮ ਦਾ ਘਰ-ਪਰਿਵਾਰ, ਸਰੀਰਕ ਬਣਤਰ, ਸਮਾਜਿਕ, ਆਰਥਿਕ ਸਥਿਤੀਆਂ ਆਦਿ।
ਸੰਚਿਤ ਕਰਮ-ਇਹ ਉਹ ਕਰਮ ਹਨ, ਜੋ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਭੰਡਾਰ ਹਨ। ਇਸ ਭੰਡਾਰ 'ਚੋਂ ਕੁਝ ਹਿੱਸਾ ਪ੍ਰਾਲਬਧ ਬਣ ਕੇ ਮੌਜੂਦਾ ਜੀਵਨ ਵਿਚ ਫ਼ਲ ਪ੍ਰਦਾਨ ਕਰਦਾ ਹੈ। ਬਾਕੀ ਸੰਚਿਤ ਕਰਮਾਂ ਦੇ ਭੰਡਾਰ ਵਿਚ ਜਮ੍ਹਾਂ ਰਹਿ ਚੁੱਕੇ ਸੰਚਿਤ ਕਰਮ ਭਵਿੱਖ ਦੇ ਜਨਮਾਂ ਵਿਚ ਫ਼ਲ ਦਿੰਦੇ ਹਨ। ਉਦਾਹਰਨ-ਪਿਛਲੇ ਜਨਮਾਂ ਦੇ ਚੰਗੇ ਜਾਂ ਮੰਦੇ ਕਰਮ, ਜੋ ਅਜੇ ਤੱਕ ਫ਼ਲ ਨਹੀਂ ਦੇ ਰਹੇ, ਸੰਚਿਤ ਕਰਮ ਹਨ। ਛੋਟੇ ਜਾਂ ਹਲਕੇ ਕਰਮਾਂ ਦਾ ਨਾਸ਼ ਤਾਂ ਸੇਵਾ, ਭਗਤੀ, ਸਤਿਸੰਗ, ਦਇਆ ਆਦਿ ਨਾਲ ਇਸੇ ਜਨਮ ਵਿਚ ਹੁੰਦਾ ਰਹਿੰਦਾ ਹੈ ਪਰ ਵੱਡੇ ਜਾਂ ਭਾਰੀ ਕਰਮਾਂ ਦਾ ਭੁਗਤਾਨ ਹਰ ਹਾਲਤ ਵਿਚ ਜੀਵ ਨੂੰ ਕਰਨਾ ਹੀ ਪੈਂਦਾ ਹੈ।
ਅੰਤ ਇਹੋ ਹੀ ਕਿਹਾ ਜਾ ਸਕਦਾ ਹੈ ਕਿ ਆਪਣੀ ਜੀਵਨ ਸ਼ੈਲੀ ਨੂੰ ਉੱਤਮ ਬਣਾਉਣ ਲਈ ਹਰ ਮਨੁੱਖ ਨੂੰ ਆਪਣੀ ਸੋਚ ਅਤੇ ਆਪਣੇ ਕਾਰਜਾਂ ਨੂੰ ਸ਼ੁੱਧਤਾ ਪ੍ਰਦਾਨ ਕਰਨੀ ਪਵੇਗੀ ਤਾਂ ਜੋ ਇਸ 'ਕਰਮ ਚੱਕਰ' ਤੋਂ ਮੁਕਤੀ ਮਿਲ ਸਕੇ।

-ਮੋਬਾਈਲ : 7973327963

Ad Position 22
No active advertisement
ਪਿਛਲੀ ਖ਼ਬਰ ਗੁਰਬਾਣੀ ਵਿਚ ਹੰਕਾਰ ਤੋਂ ਬਚਣ ਦਾ ਉਪਦੇਸ਼ ਅਗਲੀ ਖ਼ਬਰ ਜਦੋਂ ਗੁਲੇਰ ਦੇ ਰਾਜੇ ਨੇ ਭਾਈ ਸੰਗਤ ਸਿੰਘ ਤੇ 7 ਸਿੱਖਾਂ ਦੇ ਹੌਂਸਲੇ ਨਾਲ ਜੰਗ ਜਿੱਤੀ
Ad Position 24
No active advertisement