ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬਰਸੀ 'ਤੇ ਵਿਸ਼ੇਸ਼ ਮਹਾਰਾਜਾ ਰਣਜੀਤ ਸਿੰਘ ਦੀ ਅੰਤਿਮ ਯਾਦਗਾਰ

Ad Position 21
No active advertisement
ਅਜੀਤ ਡੈਸਕ 30-06-2026

ਲਾਹੌਰ ਸ਼ਾਹੀ ਕਿਲ੍ਹੇ ਦੇ ਰੌਸ਼ਨਾਈ ਦਰਵਾਜ਼ੇ ਦੇ ਬਾਹਰ ਬਾਦਸ਼ਾਹੀ ਮਸੀਤ ਦੀ ਪੂਰਬੀ ਕੰਧ ਵੱਲ ਹਿੰਦੂ-ਮੁਸਲਿਮ ਆਰਕੀਟੈਕਚਰ ਦੀ ਸੁਮੇਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਦੋ ਮੰਜ਼ਿਲਾ ਸਮਾਧ ਮੌਜੂਦ ਹੈ। 15 ਹਾੜ੍ਹ, ਸੰਮਤ 1896 ਬਿਕ੍ਰਮੀ (27 ਜੂਨ, 1839) ਨੂੰ ਮਹਾਰਾਜਾ ਦੇ ਦਿਹਾਂਤ ਤੋਂ ਬਾਅਦ ਇਸੇ ਜਗ੍ਹਾ 'ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਮਹਾਰਾਜਾ ਦੀ ਇਸ ਸਮਾਧ ਦੇ ਕੋਲ ਹੀ ਉਨ੍ਹਾਂ ਨਾਲ ਸਤੀ ਹੋਣ ਵਾਲੀਆਂ ਰਾਣੀਆਂ ਰਾਣੀ ਹਰਿਦਈ (ਰਾਣੀ ਗੁੱਡਾ), ਰਾਣੀ ਰਾਜ ਦੇਵੀ, ਰਾਣੀ ਦੇਵਨੁ ਤੇ ਰਾਣੀ ਮਹਿਤਾਬ ਦੇਵੀ ਸਮੇਤ 7 ਦਾਸੀਆਂ ਰੈਨ ਚੰਨੋ ਜਮਾਦਾਰਨੀ, ਬਦਾਮੋਂ, ਸੂਬੀ, ਚੰਨੀ, ਜੋਵਾਹਰੋ, ਨਾਮੋ ਕਾਲੀ ਤੇ ਭਾਨੀ ਦੀਆਂ ਸਮਾਧਾਂ ਮੌਜੂਦ ਹਨ। ਇਨ੍ਹਾਂ 'ਚੋਂ ਗੁੰਬਦ ਦੇ ਆਕਾਰ ਦੀਆਂ ਸਮਾਧਾਂ ਰਾਣੀਆਂ ਦੀਆਂ ਹਨ ਤੇ ਗੋਲ ਦਾਸੀਆਂ ਦੀਆਂ। ਇਨ੍ਹਾਂ ਦੇ ਨਾਲ ਹੀ ਇਕ ਗੁੰਬਦ ਵਾਲੀ ਹੋਰ ਸਮਾਧ ਵੀ ਹੈ, ਜੋ ਕਬੂਤਰਾਂ ਦੇ ਉਸ ਜੋੜੇ ਦੀ ਹੈ, ਜੋ ਮਹਾਰਾਜਾ ਦੇ ਸਸਕਾਰ ਸਮੇਂ ਅੱਗ ਦੇ ਲੰਬੂਆਂ ਦੀ ਲਪੇਟ ਵਿਚ ਆ ਕੇ ਉਨ੍ਹਾਂ ਦੀ ਚਿਤਾ ਦੀ ਅੱਗ ਵਿਚ ਭਸਮ ਹੋ ਗਿਆ ਸੀ। ਇਹ ਸਭ ਸਮਾਧਾਂ ਉੱਪਰੀ ਮੰਜ਼ਿਲ 'ਤੇ ਬਣੀਆਂ ਹੋਈਆਂ ਹਨ।
ਮਹਾਰਾਜਾ ਦੇ ਦਿਹਾਂਤ ਤੋਂ ਬਾਅਦ ਦਰਿਆ ਰਾਵੀ ਦੇ ਕਿਨਾਰੇ ਉਨ੍ਹਾਂ ਦੇ ਸਸਕਾਰ ਕੀਤੇ ਜਾਣ ਵਾਲੇ ਸਥਾਨ 'ਤੇ ਹੀ ਸ਼ਹਿਜ਼ਾਦਾ ਖੜਕ ਸਿੰਘ ਨੇ ਸ਼ੇਰ-ਏ-ਪੰਜਾਬ ਦੀ ਉਕਤ ਸਮਾਧ ਦੇ ਨਿਰਮਾਣ ਦਾ ਕੰਮ ਆਰੰਭ ਕਰਵਾਇਆ। ਇਸ ਸਥਾਨ 'ਤੇ ਧਿਆਨ ਸਿੰਘ ਡੋਗਰੇ ਵਲੋਂ ਖ਼ਜ਼ਾਨੇ 'ਚੋਂ 10 ਲੱਖ ਰੁਪਏ ਕਢਵਾ ਕੇ ਇਕ ਉੱਚਾ ਥੜ੍ਹਾ ਮਹਾਰਾਜੇ ਦੇ ਦਿਹਾਂਤ ਤੋਂ ਦੋ-ਤਿੰਨ ਦਿਨ ਪਹਿਲਾਂ ਹੀ ਤਿਆਰ ਕਰਵਾ ਲਿਆ ਗਿਆ ਅਤੇ ਇਸੇ ਉੱਪਰ ਤਿਆਰ ਕਰਵਾਈ ਚੁਖੰਡੀ 'ਤੇ ਅੰਤਿਮ ਸੰਸਕਾਰ ਸਮੇਂ ਮਹਾਰਾਜਾ ਦੀ ਦੇਹ ਨੂੰ ਲਿਟਾਇਆ ਗਿਆ।
ਮਹਾਰਾਜਾ ਖੜਕ ਸਿੰਘ ਨੇ ਸਮਾਧ ਦੇ ਨਿਰਮਾਣ ਦਾ ਕੰਮ ਸ਼ੁਰੂ ਤਾਂ ਕਰਵਾਇਆ ਪਰ ਜਲਦੀ ਬਾਅਦ ਉਨ੍ਹਾਂ ਦੇ ਕਾਲਵਸ ਹੋ ਜਾਣ ਕਾਰਨ ਨਿਰਮਾਣ ਦਾ ਕੰਮ ਵਿਚਾਲੇ ਹੀ ਰੁਕ ਗਿਆ। ਫਿਰ ਮਹਾਰਾਜਾ ਸ਼ੇਰ ਸਿੰਘ ਦੇ ਸਮੇਂ ਸਮਾਧ ਦਾ ਕੁਝ ਕੰਮ ਤੁਰਿਆ, ਜੋ ਉਨ੍ਹਾਂ ਦੇ ਦਿਹਾਂਤ ਦੇ ਨਾਲ ਹੀ ਮੁੜ ਰੁਕ ਗਿਆ। ਸ਼ਹਿਜ਼ਾਦਾ ਦਲੀਪ ਸਿੰਘ ਦੇ ਰਾਜ ਗੱਦੀ 'ਤੇ ਬੈਠਣ ਤੋਂ ਬਾਅਦ ਰਾਜ ਵਿਚ ਲਗਾਤਾਰ ਚਲੀਆਂ ਸਾਜਿਸ਼ਾਂ ਦੇ ਕਾਰਨ ਸਮਾਧ ਦੇ ਨਿਰਮਾਣ ਦਾ ਕੰਮ ਮੁਕੰਮਲ ਨਾ ਹੋ ਸਕਿਆ। ਆਖਰ ਸੰਨ 1848 ਵਿਚ ਸ਼ਹਿਜ਼ਾਦਾ ਦਲੀਪ ਸਿੰਘ ਦੇ ਗੱਦੀ 'ਤੇ ਬੈਠਣ ਮਗਰੋਂ ਅੰਗਰੇਜ਼ ਸ਼ਾਸਕਾਂ ਦੀ ਸਰਪ੍ਰਸਤੀ ਵਿਚ ਸਮਾਧ ਦੇ ਨਿਰਮਾਣ ਦਾ ਕੰਮ ਮੁਕੰਮਲ ਹੋਇਆ। ਸਮਾਧ ਬਣਨ ਤੋਂ ਬਾਅਦ ਕੁਝ ਵਰ੍ਹੇ ਤਾਂ ਸਮਾਧ ਦੀ ਇਮਾਰਤ ਚੰਗੀ ਹਾਲਤ ਵਿਚ ਕਾਇਮ ਰਹੀ, ਪਰ ਸਮਾਧ ਦਾ ਗੁੰਬਦ ਬਹੁਤ ਭਾਰੀ ਬਣਿਆ ਹੋਣ ਕਰਕੇ ਜਲਦੀ ਬਾਅਦ ਸਮਾਧ ਦੇ ਥੰਮ੍ਹਾਂ ਵਿਚ ਤਰੇੜਾਂ ਆ ਗਈਆਂ, ਜਿਸ ਕਾਰਨ ਪੂਰੀ ਸਮਾਧ ਦੇ ਡਿਗਣ ਦਾ ਖ਼ਤਰਾ ਮਹਿਸੂਸ ਹੋਣ ਲੱਗਾ। ਇਸ 'ਤੇ ਸੰਨ 1865-66 ਵਿਚ ਲੈਫ਼ਟੀਨੈਂਟ ਗਵਰਨਰ ਪੰਜਾਬ ਸਰ ਡੋਨਾਲਡ ਫਰੈਲ ਮੈਕਲਿਓਡ ਨੇ ਅਫ਼ਸਰ-ਏ-ਇਮਾਰਤ ਕਨ੍ਹਈਆ ਲਾਲ ਨੂੰ ਇਮਾਰਤ ਦੀ ਸੁਰੱਖਿਆ ਲਈ ਕੋਈ ਵਿਉਂਤ ਬਣਾਉਣ ਲਈ ਕਿਹਾ। ਇਸ 'ਤੇ ਕਨ੍ਹਈਆ ਲਾਲ ਨੇ ਗੁੰਬਦ ਦੇ ਹੇਠਾਂ ਬਣੇ ਅੱਠਾਂ ਥੰਮ੍ਹਾਂ ਦੇ ਨਾਲ ਹੀ ਅੱਠ ਥੰਮ ਹੋਰ ਬਣਾ ਦਿੱਤੇ ਅਤੇ ਜਿਨ੍ਹਾਂ ਥੰਮ੍ਹਾਂ 'ਤੇ ਤਰੇੜਾਂ ਆਈਆਂ ਸਨ, ਉਨ੍ਹਾਂ ਨੂੰ ਮਜ਼ਬੂਤੀ ਦੇਣ ਲਈ ਉਨ੍ਹਾਂ 'ਤੇ ਲੋਹੇ ਦੇ ਭਾਰੀ ਚੱਕਰ ਚੜ੍ਹਾ ਦਿੱਤੇ, ਜਿਸ ਨਾਲ ਇਮਾਰਤ ਦੇ ਡਿੱਗਣ ਦਾ ਖ਼ਤਰਾ ਖ਼ਤਮ ਹੋ ਗਿਆ।
ਪਹਿਲਾਂ-ਪਹਿਲ ਸਮਾਧ ਦੇ ਮੱਥਾ ਟੇਕਣ ਲਈ ਸ਼ਰਧਾਲੂ ਰੌਸ਼ਨਾਈ ਦਰਵਾਜ਼ੇ ਵਲੋਂ ਆਉਂਦੇ ਸਨ। ਸਮਾਧ ਦੇ ਮੁੱਖ ਦਰਵਾਜ਼ੇ ਦੇ ਦੋਵੇਂ ਪਾਸੇ ਦੁਕਾਨਾਂ ਬਣੀਆਂ ਹੋਈਆਂ ਸਨ, ਜੋ ਇਸ ਸਮਾਰਕ ਦਾ ਹੀ ਹਿੱਸਾ ਸਨ। ਇਨ੍ਹਾਂ 'ਚੋਂ ਇਕ ਦੁਕਾਨ ਫੁੱਲਾਂ ਦੇ ਸਿਹਰਿਆਂ ਵਾਲੇ ਦੀ ਸੀ ਅਤੇ ਦੂਜੀ ਪ੍ਰਸ਼ਾਦਿ ਵਾਲੇ ਦੀ। ਇਨ੍ਹਾਂ ਤੋਂ ਚਾਰ ਕਦਮਾਂ 'ਤੇ ਬਹੁਤ ਵੱਡਾ ਖੂਹ ਵੀ ਹੁੰਦਾ ਸੀ।
ਅਕਤੂਬਰ 2005 ਵਿਚ ਭੁਚਾਲ ਦੇ ਝਟਕੇ ਲੱਗਣ ਨਾਲ ਮਹਾਰਾਜਾ ਦੀ ਸਮਾਧ ਨੂੰ ਭਾਰੀ ਨੁਕਸਾਨ ਪੁੱਜਾ ਅਤੇ ਕੰਧਾਂ ਤੇ ਛੱਤ ਵਿਚ ਵੱਡੀਆਂ ਦਰਾੜਾਂ ਆ ਗਈਆਂ। ਅਕਤੂਬਰ 2012 ਵਿਚ ਪੁਰਾਤਤਵ ਵਿਭਾਗ ਪਾਕਿਸਤਾਨ ਨੇ ਸਮਾਧ ਦੀਆਂ ਕੰਧਾਂ ਅਤੇ ਛੱਤਾਂ ਦੀ ਮੁਰੰਮਤ ਕਰਾਉਣ ਦੇ ਨਾਲ-ਨਾਲ ਬਾਹਰੀ ਕੰਧਾਂ ਤੋਂ ਕਲੀ-ਚੂਨਾ ਹਟਾ ਕੇ ਉਸ ਹੇਠਾਂ ਦਫ਼ਨ 150 ਸਾਲ ਪੁਰਾਣੇ ਕੰਧ ਚਿੱਤਰਾਂ ਨੂੰ ਵੀ ਮੁੜ ਸਾਹਮਣੇ ਲਿਆਉਣ ਵਿਚ ਕਾਮਯਾਬੀ ਹਾਸਿਲ ਕਰ ਲਈ। ਪਿੱਛੇ ਜਿਹੇ ਯੂਨਾਈਟਿਡ ਨੈਸ਼ਨਲ ਐਜੂਕੇਸ਼ਨਲ, ਸਾਈਂਟਿਫਿਕ ਐਂਡ ਕਲਚਰਲ ਆਰਗੇਨਾਈਜ਼ੇਸ਼ਨ (ਯੂਨੈਸਕੋ) ਨੇ ਸਿੱਖ ਰਾਜ ਦੇ ਦੌਰਾਨ ਬਣਵਾਈ ਗਈ ਹਜ਼ੂਰੀ ਬਾਗ਼ ਦੀ ਬਾਰਾਂਦਰੀ ਅਤੇ ਮਹਾਰਾਜੇ ਦੀ ਸਮਾਧ ਨੂੰ ਲਾਹੌਰ ਸ਼ਾਹੀ ਕਿਲ੍ਹੇ ਵਿਚ ਸ਼ਾਮਿਲ ਕਰਕੇ ਇਸ ਦੀ ਦੇਖ-ਰੇਖ ਦਾ ਜ਼ਿੰਮਾ ਪੁਰਾਤਤਵ ਵਿਭਾਗ ਪਾਕਿਸਤਾਨ ਨੂੰ ਸੌਂਪਣ ਦੀ ਯੋਜਨਾ ਬਣਾਈ ਸੀ, ਪਰ ਯੂਨੈਸਕੋ ਦੀ ਉਸ ਯੋਜਨਾ ਨੂੰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਨੇ ਇਹ ਕਹਿ ਕੇ ਸਿਰੇ ਤੋਂ ਖ਼ਾਰਜ ਕਰ ਦਿੱਤਾ ਕਿ ਉਹ ਕਿਸੇ ਵੀ ਕੀਮਤ 'ਤੇ ਪੁਰਾਤੱਤਵ ਵਿਭਾਗ ਨੂੰ ਸਮਾਧ ਦਾ ਕਬਜ਼ਾ ਨਹੀਂ ਦੇਵੇਗੀ।
ਸੰਨ 1859-60 ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਮੁੱਖ ਦਰਵਾਜ਼ੇ 'ਤੇ ਬਣਾਈਆਂ ਗਈਆਂ ਗਣੇਸ਼, ਲਕਸ਼ਮੀ ਤੇ ਦੇਵੀ ਸਰਸਵਤੀ ਦੀਆਂ ਮੂਰਤੀਆਂ ਅੱਜ ਵੀ ਮੌਜੂਦ ਹਨ। ਸਮਾਧ ਦੀ ਉੱਪਰੀ ਅਤੇ ਹੇਠਲੀ ਮੰਜ਼ਿਲ ਵਿਚ ਛੱਤ 'ਤੇ ਸ਼ੀਸ਼ੇ ਦੀ ਬਹੁਤ ਖ਼ੂਬਸੂਰਤ ਮੀਨਾਕਾਰੀ ਕੀਤੀ ਗਈ ਹੈ, ਜੋ ਹਰ ਇਕ ਦਾ ਮਨ ਮੋਹ ਲੈਂਦੀ ਹੈ। ਇਸ ਦੇ ਨਾਲ ਹੀ ਸਮਾਧ ਦੀਆਂ ਦੋਵਾਂ ਮੰਜ਼ਿਲਾਂ ਦੀਆਂ ਕੰਧਾਂ 'ਤੇ 24-24 ਤੇਲ ਚਿੱਤਰ ਬਣੇ ਹੋਏ ਹਨ। ਉੱਪਰੀ ਮੰਜ਼ਿਲ 'ਚ ਕੰਧਾਂ 'ਤੇ ਬਣੇ 24 ਤੇਲ ਚਿੱਤਰਾਂ 'ਚੋਂ 16 ਕ੍ਰਿਸ਼ਨ ਲੀਲ੍ਹਾ, 2 ਰਾਮ ਦਰਬਾਰ, 5 ਮੁਗ਼ਲ ਦਰਬਾਰ ਅਤੇ ਇਕ ਵੈਸ਼ਨੋ ਦੇਵੀ ਦਾ ਹੈ, ਜਦਕਿ ਹੇਠਲੀ ਮੰਜ਼ਿਲ ਵਿਚ ਮਸਾਂ ਹੀ ਇਕ-ਦੋ ਹੀ ਚਿੱਤਰ ਸਾਬਤ ਬਚੇ ਹਨ। ਸਮਾਧ ਦੇ ਨਿਰਮਾਣ ਸਮੇਂ ਹੇਠਲੀ ਮੰਜ਼ਿਲ ਵਿਚ ਸਾਧੂ-ਮਹਾਤਮਾਵਾਂ ਲਈ ਬਣਾਏ ਕਮਰਿਆਂ ਵਿਚ ਹੁਣ ਗੁਰਪੁਰਬਾਂ ਅਤੇ ਹੋਰ ਧਾਰਮਿਕ ਸਮਾਗਮਾਂ ਵਿਚ ਦੇਸ਼-ਵਿਦੇਸ਼ ਤੋਂ ਗਏ ਯਾਤਰੂਆਂ ਨੂੰ ਠਹਿਰਾਇਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਨੂੰ ਲਾਹੌਰ ਵਾਲੇ 'ਰਾਜੇ ਦੀ ਮੜ੍ਹੀ' ਕਹਿ ਕੇ ਸੰਬੋਧਨ ਕਰਦੇ ਹਨ ਅਤੇ ਹੁਣ ਸਮਾਧ 'ਤੇ ਜਾਣ ਲਈ ਪੌੜੀਆਂ ਗੁਰਦੁਆਰਾ ਡੇਹਰਾ ਸਾਹਿਬ ਵਾਲੇ ਪਾਸੇ ਬਣਾ ਦਿੱਤੀਆਂ ਗਈਆਂ ਹਨ।

-ਪ੍ਰਤੀਨਿਧੀ 'ਅਜੀਤ', ਉਪ ਦਫ਼ਤਰ ਅੰਮ੍ਰਿਤਸਰ।

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਬਾਹਰ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਲੰਗਰ ਲਗਾਏ ਅਗਲੀ ਖ਼ਬਰ ਵਿਧਾਇਕਾ ਜੀਵਨਜੋਤ ਕੌਰ ਵਲੋਂ ਵਾਰਡ ਨੰ. 28 ’ਚ ‘ਲੋਕ ਮਿਲਣੀ’ ਸਮਾਗਮ
Ad Position 24
No active advertisement