ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਿੱਖ ਭਾਵਨਾਵਾਂ ਦੇ ਮੱਦੇਨਜ਼ਰ ਪਵਿੱਤਰ ਸ਼ਹਿਰ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ। ਸਿੱਖ ਹਿਰਦਿਆਂ 'ਚ ਇਸ ਨਗਰ ਪ੍ਰਤੀ ਵਿਸ਼ੇਸ਼ ਸ਼ਰਧਾ ਤੇ ਸਤਿਕਾਰ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਇੱਥੇ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਹੈ, ਜਿਹੜਾ ਕਿ ਇਸ ਨਗਰ ਦੀ ਹੋਂਦ ਦਾ ਕਾਰਨ ਹੈ। ਇਸ ਨਗਰ ਵਿਖੇ ਮੌਜੂਦ ਕੇਂਦਰੀ ਧਰਮ ਅਸਥਾਨ ਦੀ ਸੁਰੱਖਿਆ ਲਈ ਸਿੱਖਾਂ ਨੇ ਅਣਗਿਣਤ ਸ਼ਹਾਦਤਾਂ ਦਿੱਤੀਆਂ ਹਨ। 18ਵੀਂ ਸਦੀ 'ਚ ਇਸ ਅਸਥਾਨ 'ਤੇ ਤਿੰਨ ਵੱਡੇ ਹਮਲੇ ਹੋਏ, ਪਰ ਸਿੱਖਾਂ ਨੇ ਹਮਲਾ ਕਰਨ ਵਾਲੇ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਦੂਜੇ ਪਾਸੇ ਇਸ ਦੀ ਪੁਨਰ ਉਸਾਰੀ ਲਈ ਵਿਸ਼ੇਸ਼ ਯਤਨ ਕੀਤੇ ਗਏ। ਗੁਰੂ ਅਰਜਨ ਦੇਵ ਜੀ ਵਲੋਂ ਉਸਾਰਿਆ ਗਿਆ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਤੋਂ ਹੀ ਇਸ ਨਗਰ ਦਾ ਨਾਂਅ ਅੰਮ੍ਰਿਤਸਰ ਪਿਆ। ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਇਸ ਨਗਰ ਦਾ ਮੁਢਲਾ ਰੂਪ ਦੇਖਿਆ ਜਾਂਦਾ ਹੈ, ਜਦੋਂ ਇਸ ਦੀ ਸਥਾਪਨਾ ਲਈ ਵਿਸ਼ੇਸ਼ ਯਤਨ ਕੀਤੇ ਗਏ ਸਨ। ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਖੁਦਾਈ ਆਰੰਭ ਕਰ ਕੇ ਇਸ ਨਗਰ ਦਾ ਮੁੱਢ ਬੰਨ੍ਹਿਆ ਸੀ, ਜਿਸ ਦਾ ਜ਼ਿਕਰ ਕਰਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ ਹਨ:-
ਬੈਠਾ ਸੋਢੀ ਪਾਤਿਸਾਹੁ
ਰਾਮਦਾਸੁ ਸਤਿਗੁਰੂ ਕਹਾਵੈ।
ਪੂਰਨ ਤਾਲ ਖਟਾਇਆ
ਅੰਮ੍ਰਿਤਸਰ ਵਿਚਿ ਜੋਤਿ ਜਗਾਵੈ।
(ਵਾਰ : 1, ਪੌੜੀ : 47)
ਗੁਰੂ ਅਰਜਨ ਦੇਵ ਜੀ ਨੇ ਇਸ ਨਵੇਂ ਨਗਰ ਨੂੰ ਵਿਕਸਤ ਕਰਨ ਲਈ ਵਿਭਿੰਨ ਕਿੱਤਿਆਂ ਨਾਲ ਜੁੜੇ ਕਾਰੀਗਰ ਲਿਆ ਕੇ ਇੱਥੇ ਵਸਾਏ। ਸਮੇਂ ਦੇ ਗੇੜ ਨਾਲ ਇਸ ਨਗਰ ਨੇ ਰਾਜਨੀਤਕ ਤੌਰ 'ਤੇ ਬਹੁਤ ਉਤਰਾਅ-ਚੜ੍ਹਾਅ ਦੇਖੇ ਪਰ ਧਾਰਮਿਕ ਤੌਰ 'ਤੇ ਇਸ ਨਗਰ ਪ੍ਰਤੀ ਸ਼ਰਧਾ-ਭਾਵਨਾ ਦਾ ਵਿਕਾਸ ਨਿਰੰਤਰ ਜਾਰੀ ਰਿਹਾ। 1677 ਵਿਚ ਇਸ ਨਗਰ ਦੀ ਸਥਾਪਨਾ ਦੇ 100 ਸਾਲ ਪੂਰੇ ਹੋਏ ਸਨ ਪਰ ਇਸ ਤੋਂ ਦੋ ਸਾਲ ਪਹਿਲਾਂ 1675 ਵਿਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਜੀ ਜ਼ੁਲਮ ਦਾ ਟਾਕਰਾ ਕਰਨ ਅਤੇ ਸਿੱਖ ਕੌਮ ਨੂੰ ਚੜ੍ਹਦੀ ਕਲਾ ਦੇ ਮਾਰਗ ਪਾਉਣ ਲਈ ਯਤਨਸ਼ੀਲ ਸਨ ਅਤੇ ਇਹ ਸਮੂਹ ਕਾਰਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕੀਤੇ ਜਾ ਰਹੇ ਸਨ। 1777 ਵਿਚ ਇਸ ਨਗਰ ਦੀ ਦੂਜੀ ਸ਼ਤਾਬਦੀ ਮੌਕੇ ਪੰਜਾਬ ਵਿਚ ਅਰਾਜਕਤਾ ਦਾ ਮਾਹੌਲ ਸੀ। ਇਸ ਤੋਂ ਪਹਿਲਾਂ 1765 ਵਿਚ ਸਿੱਖਾਂ ਨੇ ਲਾਹੌਰ 'ਤੇ ਕਬਜ਼ਾ ਕਰ ਕੇ ਗੁਰੂ ਜੀ ਦੇ ਨਾਂਅ 'ਤੇ ਸਿੱਕੇ ਚਲਾ ਦਿੱਤੇ ਸਨ ਪਰ 1766 ਵਿਚ ਅਹਿਮਦਸ਼ਾਹ ਅਬਦਾਲੀ ਦੇ ਪੰਜਾਬ 'ਤੇ ਹਮਲੇ ਨੇ ਫਿਰ ਅਸ਼ਾਂਤੀ ਦਾ ਮਾਹੌਲ ਪੈਦਾ ਕਰ ਦਿੱਤਾ ਸੀ। 1778 ਵਿਚ ਨਾਨਕਸ਼ਾਹੀ ਸਿੱਕੇ ਬਣਾਉਣ ਦੀ ਟਕਸਾਲ ਦੁਬਾਰਾ ਆਰੰਭ ਕੀਤੀ ਗਈ ਅਤੇ ਨਾਲ ਹੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਬਾਬਾ ਅਟੱਲ ਸਾਹਿਬ ਦੀ ਇਕ ਉੱਚੀ ਇਮਾਰਤ ਦੀ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ, ਉਸ ਸਮੇਂ ਇਸ ਦੀ ਉਚਾਈ 131 ਫੁੱਟ ਮਿਥੀ ਗਈ ਸੀ।
1877 ਵਿਚ ਅੰਮ੍ਰਿਤਸਰ ਨਗਰ ਦੀ ਸਥਾਪਨਾ ਦੀ ਤੀਜੀ ਸ਼ਤਾਬਦੀ ਸੀ। ਇਸ ਸਮੇਂ ਦੌਰਾਨ ਸਿੱਖਾਂ ਵਿਚ ਪੁਨਰ ਜਾਗ੍ਰਿਤੀ ਦੀ ਲਹਿਰ ਆਰੰਭ ਹੋਈ, ਜਿਸ ਦਾ ਨਾਂਅ 'ਸਿੰਘ ਸਭਾ ਲਹਿਰ' ਰੱਖਿਆ ਗਿਆ। ਇਹ ਲਹਿਰ ਸਿੱਖੀ ਦਾ ਸ਼ੁੱਧ ਸਰੂਪ ਪ੍ਰਗਟ ਕਰਨ ਦੇ ਉਦੇਸ਼ ਨਾਲ ਆਰੰਭ ਹੋਈ ਸੀ। ਅੰਮ੍ਰਿਤਸਰ ਨਗਰ ਵਿਖੇ ਈਸਾਈਆਂ ਵਲੋਂ ਚਲਾਏ ਜਾ ਰਹੇ ਇਕ ਸਕੂਲ ਦੇ ਚਾਰ ਬੱਚਿਆਂ ਨੇ ਈਸਾਈ ਧਰਮ ਧਾਰਨ ਕਰਨ ਦਾ ਐਲਾਨ ਕਰ ਦਿੱਤਾ ਸੀ, ਜਿਸ ਨੂੰ ਰੋਕਣ ਲਈ ਸੂਝਵਾਨ ਸਿੱਖਾਂ ਨੇ ਯਤਨ ਆਰੰਭ ਕਰ ਦਿੱਤੇ ਸਨ। ਇਸ ਸਮੇਂ ਦੌਰਾਨ ਸੁਹਿਰਦ ਸਿੱਖ ਇਹ ਵੀ ਚਿੰਤਨ ਕਰ ਰਹੇ ਸਨ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੜ੍ਹ ਫੜ ਚੁੱਕੇ ਅਨਮਤੀ ਪ੍ਰਭਾਵਾਂ ਨੂੰ ਖ਼ਤਮ ਕਰਨ ਲਈ ਕੀ ਯਤਨ ਕੀਤੇ ਜਾ ਸਕਦੇ ਹਨ। ਇਸ ਸਮੇਂ ਸਿੱਖਾਂ ਵਿਚ ਪੁਨਰ ਜਾਗ੍ਰਿਤੀ ਦੀ ਲਹਿਰ ਆਰੰਭ ਹੋਈ ਤੇ ਉਨ੍ਹਾਂ ਦਾ ਜ਼ੋਰ ਸਿੱਖੀ ਸਰੂਪ ਅਤੇ ਸਿਧਾਂਤ ਨੂੰ ਬਚਾਉਣ ਲਈ ਲੱਗ ਗਿਆ। 1977 ਵਿਚ ਅੰਮ੍ਰਿਤਸਰ ਨਗਰ ਦੀ ਚੌਥੀ ਸ਼ਤਾਬਦੀ ਮਨਾਉਣ ਲਈ ਵਿਸ਼ੇਸ਼ ਯਤਨ ਕੀਤੇ ਗਏ। ਇਸ ਸਮੇਂ ਭਾਰਤ-ਪਾਕਿ ਵੰਡ ਹੋਣ ਉਪਰੰਤ ਸਿੱਖਾਂ ਦੀ ਬਹੁ-ਗਿਣਤੀ ਅੰਮ੍ਰਿਤਸਰ, ਪੰਜਾਬ, ਦਿੱਲੀ ਤੇ ਭਾਰਤ ਦੇ ਹੋਰਨਾਂ ਨਗਰਾਂ ਵਿਚ ਆ ਕੇ ਵਸ ਗਈ। ਭਾਰਤ ਵਿਚ ਰਹਿ ਗਏ ਗੁਰਧਾਮਾਂ ਲਈ ਅਰਦਾਸ ਦੀਆਂ ਪੰਕਤੀਆਂ 'ਚ ਵਾਧਾ ਕੀਤਾ ਗਿਆ ਤੇ ਸਿੱਖ ਭਾਰਤ ਦੇ ਵੱਖ-ਵੱਖ ਨਗਰਾਂ 'ਚ ਮੌਜੂਦ ਗੁਰਧਾਮਾਂ ਦੇ ਵਿਸਥਾਰ ਲਈ ਯਤਨਸ਼ੀਲ ਹੋ ਗਏ ਸਨ। ਜਿੱਥੇ ਕਿਤੇ ਗੁਰੂ ਸਾਹਿਬਾਨ ਦੀ ਚਰਨ ਛੋਹ ਅਸਥਾਨਾਂ ਦੀਆਂ ਨਿਸ਼ਾਨੀਆਂ ਮੌਜੂਦ ਸਨ, ਉੱਥੇ ਪਾਕਿਸਤਾਨ ਤੋਂ ਆ ਕੇ ਵਸੀ ਸਿੱਖ ਆਬਾਦੀ ਨੇ ਲੋੜ ਅਨੁਸਾਰ ਵੱਡੇ ਗੁਰਧਾਮ ਉਸਾਰ ਦਿੱਤੇ। ਅੰਮ੍ਰਿਤਸਰ ਨਗਰ ਪਹਿਲਾਂ ਤੋਂ ਹੀ ਸਿੱਖ ਅਰਦਾਸ ਦਾ ਹਿੱਸਾ ਹੋਣ ਕਰਕੇ ਸਿੱਖ ਹਿਰਦਿਆਂ ਵਿਚ ਵਸਿਆ ਹੋਇਆ ਸੀ ਅਤੇ ਜਦੋਂ ਇਸ ਦਾ 400 ਸਾਲਾ ਸਥਾਪਨਾ ਦਿਵਸ ਮਨਾਉਣ ਦਾ ਐਲਾਨ ਹੋਇਆ ਤਾਂ ਭਾਰਤ ਵਿਚ ਵਸੇ ਨਾਨਕ ਨਾਮ-ਲੇਵਾ ਸਿੱਖਾਂ ਦਾ ਧਿਆਨ ਇਸ ਪਾਸੇ ਗਿਆ। ਫ਼ੈਸਲਾ ਕੀਤਾ ਗਿਆ ਕਿ ਪਹਿਲੀ ਹਾੜ ਨੂੰ ਇਹ ਦਿਵਸ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਅੰਗਰੇਜ਼ੀ ਮਹੀਨੇ ਅਨੁਸਾਰ ਇਹ ਦਿਨ 14 ਜੂਨ ਨੂੰ ਆਇਆ ਸੀ। ਭਾਰਤ ਦੀਆਂ ਸਮੂਹ ਰਾਜਨੀਤਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਇਕਜੁੱਟਤਾ ਨਾਲ ਇਸ ਦਿਵਸ ਨੂੰ ਮਨਾਉਣ ਲਈ ਯਤਨਸ਼ੀਲ ਹੋਈਆਂ। ਸ਼੍ਰੋਮਣੀ ਕਮੇਟੀ ਨੇ ਇਹ ਦਿਨ ਮਨਾਉਣ ਲਈ ਵਿਸ਼ੇਸ਼ ਯਤਨ ਆਰੰਭੇ। ਜਿਉਂ-ਜਿਉਂ ਇਹ ਦਿਨ ਨੇੜੇ ਆ ਰਿਹਾ ਸੀ, ਭਾਰਤ ਦੀ ਰਾਜਨੀਤਕ ਸਥਿਤੀ ਵੀ ਬਦਲ ਰਹੀ ਸੀ।
1975 ਵਿਚ ਇੰਦਰਾ ਗਾਂਧੀ ਅਧੀਨ ਭਾਰਤ ਸਰਕਾਰ ਨੇ ਸਮੁੱਚੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ, ਜਿਸ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਜਮਹੂਰੀਅਤ ਬਚਾਉਣ ਲਈ ਮੋਰਚਾ ਆਰੰਭ ਕਰ ਦਿੱਤਾ। ਭਾਰਤ ਦੀ ਕੇਵਲ ਦੋ ਫ਼ੀਸਦੀ ਆਬਾਦੀ ਹੋਣ ਦੇ ਬਾਵਜੂਦ ਵੀ ਇਸ ਮੋਰਚੇ ਵਿਚ ਗ੍ਰਿਫ਼ਤਾਰ ਹੋਣ ਵਾਲਿਆਂ 'ਚ ਸਿੱਖਾਂ ਦੀ ਗਿਣਤੀ 30 ਫ਼ੀਸਦੀ ਤੋਂ ਵਧੇਰੇ ਸੀ। ਲਗਪਗ 21 ਮਹੀਨੇ ਬਾਅਦ 21 ਮਾਰਚ 1977 ਨੂੰ ਐਮਰਜੈਂਸੀ ਖ਼ਤਮ ਹੋਣ ਨਾਲ ਇਹ ਮੋਰਚਾ ਵੀ ਸੰਪੂਰਨ ਹੋ ਗਿਆ। ਮਾਰਚ ਦੇ ਆਖ਼ਰੀ ਹਫਤੇ ਵਿਚ ਲੋਕ ਸਭਾ ਦੀਆਂ ਚੋਣਾਂ ਹੋਣ ਉਪਰੰਤ ਮੁਰਾਰਜੀ ਦੇਸਾਈ ਅਧੀਨ ਜਨਤਾ ਸਰਕਾਰ ਹੋਂਦ ਵਿਚ ਆ ਗਈ। ਲਗਪਗ ਇਕ ਮਹੀਨੇ ਬਾਅਦ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ 16 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਚੋਣਾਂ ਦਾ ਐਲਾਨ ਹੋ ਗਿਆ। ਇਹ ਚੋਣਾਂ ਜੂਨ ਦੇ ਮਹੀਨੇ ਵਿਚ ਹੋਣੀਆਂ ਸਨ, ਜਿਸ ਕਰਕੇ ਸਾਰੇ ਦੇਸ਼ ਦੇ ਨਾਗਰਿਕਾਂ ਦਾ ਧਿਆਨ ਇਨ੍ਹਾਂ ਵੱਲ ਖਿੱਚਿਆ ਗਿਆ। ਜੂਨ ਮਹੀਨੇ ਵਿਚ ਹੀ ਅੰਮ੍ਰਿਤਸਰ ਸਾਹਿਬ ਦਾ ਸਥਾਪਨਾ ਦਿਵਸ ਆ ਗਿਆ। ਅਕਾਲੀ ਭਾਵੇਂ ਜੇਲ੍ਹਾਂ 'ਚੋਂ ਬਾਹਰ ਆ ਗਏ ਸਨ ਪਰ ਚੋਣਾਂ ਦੇ ਨਿਰੰਤਰ ਵਧਦੇ ਪ੍ਰਭਾਵ ਕਾਰਨ ਉਹ ਇਸ ਦਿਸ਼ਾ ਵੱਲ ਹੀ ਵਧੇਰੇ ਰੁਚਿਤ ਹੋ ਗਏ, ਜਿਸ ਕਰਕੇ 1 ਹਾੜ (14 ਜੂਨ) ਵਾਲੇ ਦਿਨ ਸ਼ਤਾਬਦੀ ਸਮਾਗਮ ਆਰੰਭ ਕਰਦੇ ਹੋਏ ਇਹ ਐਲਾਨ ਕੀਤਾ ਗਿਆ ਕਿ ਇਸ ਦਿਹਾੜੇ ਨੂੰ ਸਮਰਪਿਤ ਸ਼ਤਾਬਦੀ ਸਮਾਗਮ ਸਾਰਾ ਸਾਲ ਚੱਲਣਗੇ ਅਤੇ ਮੁੱਖ ਸਮਾਗਮ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 29 ਅਕਤੂਬਰ ਨੂੰ ਕਰਾਏ ਜਾਣਗੇ। ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਮੁੱਖ ਸਮਾਗਮ 25 ਤੋਂ 29 ਅਕਤੂਬਰ ਤੱਕ ਕੀਤੇ ਗਏ ਸਨ। ਅਕਾਲੀ ਦਲ ਅਧੀਨ ਪੰਜਾਬ ਸਰਕਾਰ ਇਨ੍ਹਾਂ ਸਮਾਗਮਾਂ ਦੀ ਸਫ਼ਲਤਾ ਲਈ ਪੂਰਨ ਤੌਰ 'ਤੇ ਸਹਿਯੋਗ ਕਰ ਰਹੀ ਸੀ ਤੇ ਉਨ੍ਹਾਂ ਵਲੋਂ ਵੀ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਸਨ। ਸ਼੍ਰੋਮਣੀ ਕਮੇਟੀ ਨੇ ਕੀਰਤਨ, ਕਥਾ, ਕਵੀ ਦਰਬਾਰ, ਢਾਡੀ ਦਰਬਾਰ, ਨਗਰ ਕੀਰਤਨ, ਸੰਤ ਸਮਾਗਮ, ਗ੍ਰੰਥੀ ਸਮਾਗਮ, ਬੀਬੀਆਂ ਦਾ ਸਮਾਗਮ, ਬੁੱਧੀਜੀਵੀਆਂ ਦੀ ਇਕੱਤਰਤਾ, ਸਿੰਘ ਸਭਾਵਾਂ ਦੀ ਇਕੱਤਰਤਾ, ਸਨਮਾਨ ਸਮਾਰੋਹ ਆਦਿ ਸਮਾਗਮ ਆਯੋਜਿਤ ਕੀਤੇ ਸਨ। 29 ਅਕਤੂਬਰ ਨੂੰ ਮੁੱਖ ਸਮਾਗਮ ਰਾਮ ਬਾਗ਼ ਵਿਖੇ ਆਯੋਜਿਤ ਕੀਤਾ ਗਿਆ, ਜੋ ਸਾਰਾ ਦਿਨ ਚਲਦਾ ਰਿਹਾ। ਇਸ ਸਮਾਗਮ ਵਿਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਸਮੇਤ ਹੋਰਨਾਂ ਰਾਜਾਂ ਦੇ ਮੁੱਖ ਮੰਤਰੀਆਂ ਸਮੇਤ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਿੱਸਾ ਲਿਆ।
ਸਾਲ 2027 ਦੌਰਾਨ ਅੰਮ੍ਰਿਤਸਰ ਸਾਹਿਬ ਦਾ 450 ਸਾਲਾ ਸਥਾਪਨਾ ਦਿਹਾੜਾ ਆ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸਮਾਗਮਾਂ ਨੂੰ ਵੱਡੇ ਪੱਧਰ 'ਤੇ ਮਨਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਉਨ੍ਹਾਂ ਦੇ ਕੈਲੰਡਰ ਵਿਚ ਵੀ ਇਸ ਦਿਹਾੜੇ ਨੂੰ ਪ੍ਰਮੁੱਖਤਾ ਨਾਲ ਉਜਾਗਰ ਕੀਤਾ ਗਿਆ ਹੈ। ਅਗਲੇ ਸਾਲ ਦੇ ਆਰੰਭ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ। ਇਨ੍ਹਾਂ ਚੋਣਾਂ ਉਪਰੰਤ ਜਿਸ ਵੀ ਪਾਰਟੀ ਦੀ ਸਰਕਾਰ ਬਣੇਗੀ, ਉਸ ਨੂੰ ਛੇਤੀ ਹੀ ਇਹ ਯੋਜਨਾ ਬਣਾਉਣੀ ਪਵੇਗੀ ਕਿ ਉਸ ਨੇ ਇਨ੍ਹਾਂ ਸਮਾਗਮਾਂ ਨੂੰ ਮਨਾਉਣ ਲਈ ਕਿਹੜੇ ਯਤਨ ਕਰਨੇ ਹਨ। ਯੋਗ ਹੋਵੇ ਕਿ ਪੰਜਾਬ ਵਿਚ ਜਿਹੜੀ ਵੀ ਸਰਕਾਰ ਬਣੇ, ਉਹ ਸੁਹਿਰਦ ਭਾਵਨਾ ਤੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇਨ੍ਹਾਂ ਸਮਾਗਮਾਂ ਨੂੰ ਮਨਾਉਣ ਦਾ ਐਲਾਨ ਕਰੇ ਤਾਂ ਹੀ ਇਸ ਦਾ ਸੁਚਾਰੂ ਪ੍ਰਭਾਵ ਦੂਰ-ਦੁਰਾਡੇ ਬੈਠੇ ਲੋਕਾਂ ਤੱਕ ਜਾ ਸਕਦਾ ਹੈ।
-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।