ਸੰਤ ਤੇਜਾ ਸਿੰਘ (ਐਮ.ਏ., ਐਲ.ਐਲ.ਬੀ., ਏ.ਐਮ. ਹਾਰਵਰਡ ਯੂ.ਐਸ.ਏ.) ਦਾ ਜਨਮ ਪਿੰਡ ਬਲੋਵਾਲੀ, ਜ਼ਿਲ੍ਹਾ ਗੁਜਰਾਂਵਾਲਾ (ਅੱਜ ਪਾਕਿਸਤਾਨ 'ਚ) ਵਿਖੇ 14 ਮਈ 1877 ਈ. ਨੂੰ ਜੇਠ ਦੀ ਪੂਰਨਮਾਸ਼ੀ ਵਾਲੇ ਦਿਨ ਅੰਮ੍ਰਿਤ ਵੇਲੇ ਮਹਿਤਾ ਖੱਤਰੀ ਪਰਿਵਾਰ 'ਚ ਸ. ਰੱਲਾ ਸਿੰਘ ਤੇ ਮਾਤਾ ਸਦਾ ਕੌਰ ਦੇ ਘਰ ਹੋਇਆ। ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਨੌਕਰੀ ਕੀਤੀ ਤੇ ਫਿਰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ। ਇਸ ਸਮੇਂ ਦੌਰਾਨ ਉਨ੍ਹਾਂ ਦਾ ਮੇਲ 20ਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਨਾਲ ਹੋਇਆ, ਜਿਨ੍ਹਾਂ ਨੂੰ ਮਿਲਣ ਮਗਰੋਂ ਉਨ੍ਹਾਂ ਦਾ ਜੀਵਨ ਹੀ ਬਦਲ ਗਿਆ ਕਿਉਕਿ ਉਹ ਅੰਮ੍ਰਿਤ ਛਕ ਕੇ ਨਿਰੰਜਣ ਸਿੰਘ ਮਹਿਤਾ ਤੋਂ ਭਾਈ ਤੇਜਾ ਸਿੰਘ ਬਣ ਗਏ। ਉਹ ਨੇ ਸੰਤ ਬਾਬਾ ਅਤਰ ਸਿੰਘ ਦੇ ਹੁਕਮ ਅਨੁਸਾਰ ਵਿਦੇਸ਼ 'ਚ ਪੜ੍ਹਾਈ ਕਰਨ ਗਏ, ਜਿੱਥੇ ਕੈਂਬ੍ਰਿਜ ਤੇ ਹਾਰਵਰਡ ਯੂਨੀਵਰਸਿਟੀ ਵਿਚ ਪੜ੍ਹਾਈ ਦੌਰਾਨ ਸਿੱਖਾਂ ਨੂੰ ਯੂਨੀਵਰਸਿਟੀ 'ਚ ਦਸਤਾਰ ਸਜਾ ਕੇ ਜਾਣ ਦਾ ਹੱਕ ਦਿਵਾਇਆ ਅਤੇ ਇੰਗਲੈਂਡ ਤੇ ਅਮਰੀਕਾ ਵਿਚ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਬਣਵਾਏ। ਜਦੋਂ ਕੈਨੇਡਾ ਸਰਕਾਰ ਭਾਰਤ ਦੇ ਲੋਕਾਂ ਨੂੰ ਧੋਖੇ ਨਾਲ ਉੱਥੋਂ ਕੱਢ ਰਹੀ ਸੀ ਤਾਂ ਉਨ੍ਹਾਂ ਨੇ ਕੇਸ ਲੜ ਕੇ ਭਾਰਤੀ ਲੋਕਾਂ ਨੂੰ ਉੱਥੇ ਰਹਿਣ ਦਾ ਹੱਕ ਦਿਵਾਇਆ। ਜਦੋ ਵਿਦੇਸ਼ ਤੋਂ ਪੜ੍ਹਾਈ ਪੂਰੀ ਕਰਕੇ ਆਏ ਤਾਂ ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਮਸਤੂਆਣਾ ਸਾਹਿਬ ਵਿਖੇ ਪ੍ਰਾਇਮਰੀ ਸਕੂਲ 'ਚ ਪੜ੍ਹਾਉਣ ਲੱਗੇ ਅਤੇ ਜਦੋਂ ਸੰਤ ਅਤਰ ਸਿੰਘ ਬਨਾਰਸ ਵਿਖੇ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਗਏ ਤਾਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਵਲੋਂ ਬੇਨਤੀ ਕਰਨ 'ਤੇ ਇਨ੍ਹਾਂ ਨੇ ਬਨਾਰਸ ਯੂਨੀਵਰਸਿਟੀ ਦੇ ਪਹਿਲੇ ਕਾਲਜ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ। ਵਿਸ਼ਵ ਸਦੀਵੀ ਸ਼ਾਂਤੀ ਲਈ ਜਰਮਨੀ ਤੇ ਜਪਾਨ ਵਿਖੇ ਹੋਈਆ ਵਿਸ਼ਵ ਪੱਧਰੀ ਕਾਨਫਰੰਸਾਂ 'ਚ ਵੀ ਹਿੱਸਾ ਲਿਆ। ਇਸ ਤੋਂ ਬਾਅਦ ਸੰਤ ਅਤਰ ਸਿੰਘ ਦੇ ਜਨਮ ਅਸਥਾਨ ਨਗਰ ਚੀਮਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਪੂਰਨ ਕਰਵਾਈ ਤੇ ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਬੜੂ ਸਾਹਿਬ ਦੀ ਪਵਿੱਤਰ ਧਰਤੀ ਨੂੰ ਪ੍ਰਗਟ ਕਰਕੇ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸਥਾਪਨਾ ਕੀਤੀ, ਜਿਸ ਤਹਿਤ ਅੱਜ 2 ਯੂਨੀਵਰਸਿਟੀਆਂ, 131 ਅਕਾਲ ਅਕੈਡਮੀਆਂ ਤੇ ਅਨੇਕਾਂ ਹੋਰ ਸਮਾਜ ਭਲਾਈ ਦੇ ਕਾਰਜ ਸੱਚਖੰਡ ਵਾਸੀ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਤੋਂ ਬਾਅਦ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੌਜੂਦਾ ਪ੍ਰਧਾਨ ਡਾ. ਦਵਿੰਦਰ ਸਿੰਘ ਬੜੂ ਸਾਹਿਬ ਤੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਦੀ ਅਗਵਾਈ ਹੇਠ ਵੱਡੇ ਪੱਧਰ 'ਤੇ ਚੱਲ ਰਹੇ ਹਨ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਦੌਰਾਨ ਪਰਉਪਕਾਰ, ਸਮਾਜ ਭਲਾਈ ਅਤੇ ਗੁਰਮਤਿ ਤੇ ਵਿੱਦਿਆ ਦੇ ਪ੍ਰਚਾਰ-ਪਸਾਰ ਲਈ ਅਨੇਕਾਂ ਕਾਰਜ ਕੀਤੇ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਤ ਤੇਜਾ ਸਿੰਘ ਦੀ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਜਿੱਥੇ ਗੁਰਦੁਆਰਾ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਕਲਗੀਧਰ ਟਰੱਸਟ ਵਲੋਂ 1 ਜੁਲਾਈ ਤੋਂ 3 ਜੁਲਾਈ ਤੱਕ ਕਰਵਾਇਆ ਜਾ ਰਿਹਾ ਹੈ, ਉੱਥੇ ਨਾਲ ਹੀ ਉਨ੍ਹਾਂ ਦੀ ਬਰਸੀ 1 ਤੋਂ 3 ਜੁਲਾਈ ਤੱਕ ਗੁਰਦੁਆਰਾ ਨਾਨਕਸਰ ਚੀਮਾ ਸਾਹਿਬ ਵਿਖੇ ਸ਼ਰਧਾਪੂਰਵਕ ਮਨਾਈ ਜਾਵੇਗੀ।
-'ਅਜੀਤ' ਪ੍ਰਤੀਨਿਧ, ਚੀਮਾ ਮੰਡੀ (ਸੰਗਰੂਰ)।
ਮੋਬਾਈਲ : 95014-07381